ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਅਸਥਿਰਤਾ ਦਾ ਮਾਹੌਲ ਹੈ। ਅਫ਼ਗਾਨਿਸਤਾਨ ਦੇ ਉੱਤਰੀ ਕੁੰਦੁਜ ਪ੍ਰਾਂਤ ’ਚ ਜੁੰਮੇ ਦੀ ਨਮਾਜ਼ ਦੌਰਾਨ ਇਕ ਸ਼ੀਆ ਮਸਜਿਦ ’ਚ ਭਿਆਨਕ ਧਮਾਕਾ ਹੋਇਆ। ਸਮਾਚਾਰ ਏਜੰਸੀ ਏਐੱਫ਼ਪੀ ਨੇ ਹਸਪਤਾਲ ਦੇ ਸੂਤਰਾਂ ਦੇ ਅਨੁਸਾਰ ਦੱਸਿਆ ਕਿ ਅਫ਼ਗਾਨਿਸਤਾਨ ਦੇ ਕੁੰਦੁਜ ਮਸਜ਼ਿਦ ’ਚ ਧਮਾਕੇ ’ਚ ਘੱਟੋ-ਘੱਟ 100 ਲੋਕ ਮਾਰੇ ਗਏ ਹਨ।
ਰਸ਼ੀਆ ਟੂਡੇ ਨੇ ਕਿਹਾ ਕਿ ਧਮਾਕਾ ਅਫ਼ਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ’ਚ ਸਈਅਦ ਆਬਾਦ ਮਸਜ਼ਿਦ ’ਚ ਹੋਇਆ, ਕਿਉਂਕਿ ਸਥਾਨਕ ਲੋਕ ਸ਼ੁੱਕਰਵਾਰ ਦੀ ਨਮਾਜ਼ ਲਹੀ ਮਸਜ਼ਿਦ ’ਚ ਸ਼ਾਮਲ ਹੋਏ ਸਨ। ਅਜੇ ਤਕ ਕਿਸੇ ਵੀ ਧੜੇ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸ਼ੱਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੀ ਖੋਰਸਾਨ ਸ਼ਾਖ਼ਾ ’ਤੇ ਹੈ।
ਅਗਸਤ ਦੇ ਅੱਧ ’ਚ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਆਈਐੱਸਆਈਐੱਲ ਨਾਲ ਜੁੜੇ ਅੱਤਵਾਦੀਆਂ ਦੇ ਹਮਲੇ ਵਧ ਗਏ ਹਨ। ਅੱਵਾਦੀ ਹਮਲਿਆਂ ’ਚ ਵਾਧੇ ਨੇ ਦੋਵੇਂ ਧੜਿਆਂ ਵਿਚਕਾਰ ਵਿਆਪਕ ਸੰਘਰਸ਼ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ।ਇਸ ਤੋਂ ਪਹਿਲਾਂ ਐਤਵਾਰ ਨੂੰ ਕਾਬੁਲ ਦੀ ਇਕ ਮਸਜ਼ਿਦ ’ਚ ਹੋਏ ਧਮਾਕੇ ’ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖ਼ਮੀ ਹੋ ਗਏ ਸਨ। ਘਟਨਾ ਕਾਬੁਲ ਦੀ ਈਦਗਾਹ ਮਸਜ਼ਿਦ ’ਚ ਭੀੜ ਵਾਲੀ ਜਗ੍ਹਾ ’ਤੇ ਵਾਪਰੀ ਸੀ।
ਜ਼ਿਕਰਯੋਗ ਹੈ ਕਿ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ’ਚ ਹਾਲਾਤ ਹੋਰ ਖਰਾਬ ਹੋ ਗਏ ਹਨ। ਹਾਲ ਹੀ ਵਿੱਚ ਪਾਕਿਸਤਾਨ ’ਚ ਮੌਜ਼ੂਦ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ’ਚ ਮਾਨਵੀ ਸਥਿਤੀਆਂ ਬਹੁਤ ਹੀ ਖ਼ਰਾਬ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਆਲਮ ਇਹ ਹੈ ਕਿ ਅਫ਼ਗਾਨਿਸਤਾਨ ਦੀ ਆਰਥਿਕ ਵਿਵਸਥਾ ਢਹਿਢੇਰੀ ਹੋ ਗਈ ਹੈ। ਲੋਕ ਰੋਜ਼ੀ-ਰੋਟੀ ਦੇ ਸੰਕਟ ਨਾਲ ਜੂਝ ਰਹੇ ਹਨ।