ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ।੧। ਹੇ ਪ੍ਰਭੂ! ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਤਾਂ ਤੇਰਾ ਦਰਸਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ।੧।ਰਹਾਉ। ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ।੨।