ਟੀ-20 ਵਿਸ਼ਵ ਕੱਪ 2021 ਵਿੱਚ ਭਾਰਤੀ ਟੀਮ ਲਗਾਤਾਰ ਦੂਜਾ ਮੈਚ ਹਾਰ ਗਈ ਹੈ। ਐਤਵਾਰ ਨੂੰ ਦੁਬਈ ਵਿੱਚ ਹੋਏ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦਾ ਰਾਹ ਬੇਹੱਦ ਔਖਾ ਹੋ ਗਿਆ ਹੈ।
ਦਰਅਸਲ, ਭਾਰਤ ਨੂੰ ਹੁਣ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬਿਆ ਨਾਲ ਮੈਚ ਖੇਡਣੇ ਹਨ। ਜੇਕਰ ਤਿੰਨਾਂ ਟੀਮਾਂ ਤੋਂ ਭਾਰਤ ਜਿੱਤਣ ਵਿੱਚ ਸਫਲ ਰਹਿੰਦੀ ਹੈ ਤਾਂ ਭਾਰਤ ਕੋਲ 6 ਅੰਕ ਹੋਣਗੇ। ਉੱਥੇ ਹੀ ਦੂਜੇ ਪਾਸੇ ਜੇਕਰ ਨਿਊਜ਼ੀਲੈਂਡ ਭਾਰਤ ਖਿਲਾਫ਼ ਜਿੱਤਣ ਤੋਂ ਬਾਅਦ ਆਉਣ ਵਾਲੇ ਮੈਚਾਂ ਵਿੱਚ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬਿਆ ਖਿਲਾਫ਼ ਮੈਚ ਵਿੱਚ ਜਿੱਤ ਹਾਸਿਲ ਕਰਦਾ ਹੈ ਤਾਂ 8 ਅੰਕਾਂ ਨਾਲ ਸੈਮੀਫਾਈਨਲ ਵਿੱਚ ਪਹੁੰਚ ਜਾਵੇਗਾ। ਇਹ ਸਮੀਕਰਨ ਉਸ ਸਮੇਂ ਬਣਨਗੇ ਜਦੋਂ ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬਿਆ ਨੂੰ ਹਰਾ ਦੇਣ।
ਦੱਸ ਦੇਈਏ ਕਿ ਜੇਕਰ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬਿਆ ਦੀ ਟੀਮ ਉਲਟਫੇਰ ਕਰਦੀ ਹੈ ਤਾਂ ਵੀ ਨਿਊਜ਼ੀਲੈਂਡ ਦੀ ਟੀਮ ਨੂੰ ਫਾਇਦਾ ਹੋਵੇਗਾ। ਕਿਉਂਕਿ ਕੱਲ੍ਹ ਖੇਡੇ ਗਏ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 2 ਅੰਕਾਂ ਦੀ ਲੀਡ ਲੈ ਲਈ ਹੈ। ਜੇਕਰ ਨਿਊਜ਼ੀਲੈਂਡ ਦੀ ਟੀਮ ਅਫਗਾਨਿਸਤਾਨ ਤੋਂ ਹਾਰ ਜਾਂਦੀ ਹੈ ਤੇ ਨਾਮੀਬਿਆ ਸਕਾਟਲੈਂਡ ਤੋਂ ਜਿੱਤ ਜਾਂਦਾ ਹੈ ਤਾਂ 6 ਅੰਕ ਹੋਣਗੇ ਤੇ ਭਾਰਤ ਰਨ ਰੇਟ ਦੇ ਆਧਾਰ ‘ਤੇ ਅੱਗੇ ਹੋ ਜਾਵੇਗਾ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਖਿਲਾਫ਼ ਮਿਲੀ ਹਾਰ ਤੋਂ ਬਾਅਦ ਹੁਣ ਭਾਰਤ ਦਾ ਸੈਮੀਫਾਈਨਲ ਵਿੱਚ ਪਹੁੰਚਣਾ ਮੁਸ਼ਕਿਲ ਹੈ। ਇਸ ਟੂਰਨਾਮੈਂਟ ਵਿੱਚ ਵਾਪਸੀ ਲਈ ਭਾਰਤ ਨੂੰ ਆਪਣੇ ਖੇਡੇ ਜਾਣ ਵਾਲੇ ਮੈਚਾਂ ਵਿੱਚ ਤਿੰਨੋਂ ਟੀਮਾਂ ਨੂੰ ਵੱਡੇ ਫਰਕ ਨਾਲ ਹਰਾਉਣਾ ਪਵੇਗਾ। ਜਿਸ ਦੇ ਨਾਲ ਰਨ ਰੇਟ ਦਾ ਅੰਤਰ ਘੱਟ ਹੋ ਜਾਵੇਗਾ।