ਰਾਜਸਥਾਨ ਵਿੱਚ ਭਾਜਪਾ ਕਰਾਰੀ ਹਾਰ ਵੱਲ ਵੱਧ ਰਹੀ ਹੈ। ਉੱਥੇ ਦੋ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਈਆਂ ਸਨ। ਇਸ ਵਿੱਚ ਵੱਲਭ ਨਗਰ ਵਿਧਾਨ ਸਭਾ ਸੀਟ ‘ਤੇ ਭਾਜਪਾ ਚੌਥੇ ਸਥਾਨ ਤੇ ਹੈ, ਉੱਥੇ ਹੀ ਧਾਰੀਵਾੜ ਵਿਚ ਭਾਜਪਾ ਤੀਜੇ ਸਥਾਨ ਤੇ ਖਿਸਕ ਗਈ ਹੈ।
ਇਨ੍ਹਾਂ ਵਿਚੋਂ ਇਕ ਸੀਟ ਦਾ ਨਤੀਜਾ ਆ ਚੁੱਕਾ ਹੈ। ਧਾਰੀਵਾੜ ਸੀਟ ਤੋਂ ਕਾਂਗਰਸ ਦੇ ਨਾਗਰਾਜ ਮੀਣਾ ਜਿੱਤ ਗਏ ਹਨ। ਉਨ੍ਹਾਂ ਤਕਰੀਬਨ 21 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਸਲ ਕੀਤੀ ਹੈ। ਉੱਥੇ ਹੀ ਆਜ਼ਾਦ ਉਮੀਦਵਾਰ ਵੱਜੋਂ ਮੈਦਾਨ ‘ਚ ਉੱਤਰੇ ਥਾਵਰਚੰਦ ਮੀਣਾ ਦੂਜੇ ਨੰਬਰ ’ਤੇ ਰਹੇ ਹਨ। ਇਹ ਸੀਟ ਪਹਿਲਾਂ ਭਾਜਪਾ ਦੇ ਖਾਤੇ ਵਿੱਚ ਸੀ। ਉੱਥੋਂ ਦੇ ਵਿਧਾਇਕ ਗੌਤਮ ਲਾਲ ਮੀਣਾ ਦੇ ਦਿਹਾਂਤ ਪਿੱਛੋਂ ਜ਼ਿਮਨੀ ਚੋਣ ਹੋਈ ਸੀ। ਦੇਸ਼ ਦੇ 13 ਰਾਜਾਂ ਦੀਆਂ 3 ਲੋਕ ਸਭਾ ਸੀਟਾਂ ਅਤੇ 29 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪ ਚੋਣਾਂ ‘ਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਮੱਧ ਪ੍ਰਦੇਸ਼ ‘ਚ ਖੰਡਵਾ ਲੋਕ ਸਭਾ ਅਤੇ ਜੋਬਤ ਵਿਧਾਨ ਸਭਾ ਸੀਟ ‘ਤੇ ਭਾਜਪਾ ਨੂੰ ਵੱਡੀ ਲੀਡ ਮਿਲੀ ਹੈ। ਪਾਰਟੀ ਨੂੰ ਲੀਡ ਮਿਲਣ ਤੋਂ ਬਾਅਦ ਭਾਜਪਾ ਵਰਕਰਾਂ ਨੇ ਵੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਮੈਂਬਰਾਂ ਦੀ ਮੌਤ ਕਾਰਨ ਤਿੰਨੋਂ ਲੋਕ ਸਭਾ ਸੀਟਾਂ ‘ਤੇ ਉਪ ਚੋਣ ਕਰਵਾਈ ਗਈ ਸੀ। ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਭਾਜਪਾ ਦੇ ਰਾਮਸਵਰੂਪ ਸ਼ਰਮਾ ਦੇ ਦੇਹਾਂਤ ਨਾਲ ਖਾਲੀ ਹੋਈ ਸੀ, ਮੱਧ ਪ੍ਰਦੇਸ਼ ਦੀ ਖੰਡਵਾ ਸੰਸਦੀ ਸੀਟ ਭਾਜਪਾ ਦੇ ਨੰਦ ਕੁਮਾਰ ਸਿੰਘ ਚੌਹਾਨ ਦੇ ਦੇਹਾਂਤ ਨਾਲ ਖਾਲੀ ਹੋਈ ਸੀ ਅਤੇ ਦਾਦਰਾ ਅਤੇ ਨਗਰ ਹਵੇਲੀ ਸੀਟ ਮੋਹਨ ਡੇਲਕਰ ਦੀ ਮੌਤ ਨਾਲ ਖਾਲੀ ਹੋਈ ਸੀ। ਪੱਛਮੀ ਬੰਗਾਲ ਦੀਆਂ ਚਾਰ ਵਿਧਾਨ ਸਭਾ ਸੀਟਾਂ ਦਿਨਹਾਟਾ, ਸ਼ਾਂਤੀਪੁਰ, ਖਰਦਾਹ ਅਤੇ ਗੋਸਾਬਾ ‘ਤੇ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।