ਕੋਰੋਨਾ ਦੇ ਨਵੇਂ ਵੇਰੀਐਂਟ ‘ਓਮਿਕਰੋਨ’ ਨੂੰ ਲੈ ਕੇ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ। ਸਰਕਾਰ ਵੱਲੋਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਅੱਜ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ। ਇਹ ਗਾਈਡਲਾਈਨਸ 1 ਦਸੰਬਰ ਤੋਂ ਲਾਗੂ ਹੋ ਜਾਣਗੀਆਂ। ਦੱਸ ਦੇਈਏ 12 ਦੇਸ਼ਾਂ ਨੂੰ ਰਿਸਕ ਕੈਟਾਗਰੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਥੇ ਕੋਰੋਨਾ ਦੇ ਇਸ ਨਵੇਂ ਰੂਪ ਦਾ ਵਾਧੂ ਖਤਰਾ ਹੈ।
ਇਹ ਦੇਸ਼ ਹਨ- ਯੂਨਾਈਟਿਡ ਕਿੰਗਡਮ ਸਣੇ ਯੂਰਪ ਦੇ ਦੇਸ਼, ਦੱਖਣੀ ਅਫਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗ ਕਾਂਗ ਤੇ ਇਜ਼ਰਾਈਲ
ਭਾਰਤ ਸਰਕਾਰ ਵੱਲੋਂ ਇੰਟਰਨੈਸ਼ਨਲ ਪੈਸੇਂਜਰਸ ਲਈ ਹੇਠ ਲਿਖੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ।
- ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਨੂੰ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟ੍ਰੀ ਦੇ ਨਾਲ ਸਵੈ-ਘੋਸ਼ਣਾ ਪੱਤਰ ਆਨਲਾਈਨ ਏਅਰ ਸੁਵਿਧਾ ਪੋਰਟਲ ‘ਤੇ ਤੈਅ ਯਾਤਰਾ ਤੋਂ ਪਹਿਲਾਂ ਜਮ੍ਹਾ ਕਰਨਾ ਹੋਵੇਗਾ।
- ਯਾਤਰੀ ਨੂੰ ਕੋਵਿਡ-19 ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਅਪਲੋਡ ਕਰਨੀ ਪਵੇਗੀ। ਇਹ ਰਿਪੋਰਟ ਯਾਤਰਾ ਸ਼ੁਰੂ ਹੋਣ ਤੋਂ 72 ਘੰਟਿਆਂ ਦੇ ਅੰਦਰ-ਅੰਦਰ ਦੀ ਹੋਣੀ ਚਾਹੀਦੀ ਹੈ।
- ਸਾਰੇ ਯਾਤਰੀਆਂ ਨੂੰ ਕੋਵਿਡ ਰਿਪੋਰਟ ਦੀ ਵੈਰੀਫਿਕੇਸ਼ਨ ਬਾਰੇ ਸਵੈ-ਘੋਸ਼ਣਾ ਪੱਤਰ ਵੀ ਦੇਣਾ ਹੋਵੇਗਾ।
- ਯਾਤਰੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਘਰੇਲੂ/ਇੰਸਟੀਚਿਊਸ਼ਨਲ ਕੁਆਰੰਟੀਨ ਤੋਂ ਗੁਜ਼ਰਨ ਦੇ ਸਰਕਾਰੀ ਫੈਸਲੇ ਦੀ ਪਾਲਣਾ ਕਰਨਗੇ।
- 12 ਰਿਸਕ ਕੈਟਾਗਰੀ ਵਾਲੇ ਦੇਸ਼ਾਂ ਦੇ ਯਾਤਰੀਆਂ ਦੀ ਜਾਂਚ ਅਤੇ ਵਾਧੂ ਨਿਗਰਾਨੀ ਕੀਤੀ ਜਾਵੇਗੀ। ਉਹਨਾਂ ਨੂੰ ਪਹੁੰਚਣ ਤੋਂ ਬਾਅਦ ਇੱਕ ਕੋਵਿਡ ਟੈਸਟ ਕਰਵਾਉਣਾ ਪਵੇਗਾ ਅਤੇ ਕਿਸੇ ਵੀ ਕਨੈਕਟਿੰਗ ਫਲਾਈਟ ਨੂੰ ਛੱਡਣ ਜਾਂ ਲੈਣ ਤੋਂ ਪਹਿਲਾਂ ਹਵਾਈ ਅੱਡੇ ‘ਤੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਨੀ ਪਵੇਗੀ। ਜੇਕਰ ਟੈਸਟ ਨੈਗੇਟਿਵ ਆਉਂਦਾ ਹੈ, ਤਾਂ ਉਹ 7 ਦਿਨਾਂ ਲਈ ਹੋਮ ਕੁਆਰੰਟੀਨ ਦਾ ਪਾਲਣ ਕਰਨਗੇ, 8ਵੇਂ ਦਿਨ ਉਨ੍ਹਾਂ ਨੂੰ ਦੁਬਾਰਾ ਟੈਸਟ ਕਰਵਾਉਣਾ ਪਵੇਗਾ ਅਤੇ ਜੇਕਰ ਨੈਗੇਟਿਵ ਰਿਪੋਰਟ ਆਉਂਦੀ ਹੈ, ਤਾਂ ਉਨ੍ਹਾਂ ਨੂੰ ਅਗਲੇ 7 ਦਿਨਾਂ ਤੱਕ ਆਪਣੀ ਸਿਹਤ ਦੀ ਨਿਗਰਾਨੀ ਕਰਨੀ ਪਵੇਗੀ।
- ‘ਰਿਸਕ ਕੈਟਾਗਰੀ ਵਾਲੇ ਦੇਸ਼ਾਂ’ ਤੋਂ ਇਲਾਵਾ ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨੀ ਪਵੇਗੀ।