ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਦੇਸ਼ ਭਰ ਵਿਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਦੇ ਖੌਫ ਨਾਲ ਪੰਜਾਬ ਸਰਕਾਰ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਲਈ 11 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ। ਨੈਗੇਟਿਵ ਆਉਣ ਵਾਲਿਆਂ ਨੂੰ 7 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ। ਇਸ ਤੋਂ ਬਾਅਦ ਉਸ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਦੁਬਾਰਾ 7 ਦਿਨਾਂ ਲਈ ਹੋਮ ਕੁਆਰੰਟੀਨ ਹੋਣਾ ਪਵੇਗਾ।
ਕੋਰੋਨਾ ਦੇ ਨਵੇਂ ਵੈਰੀਐਂਟ ਤੋਂ ਬਾਅਦ ਸੋਮਵਾਰ ਦੇਰ ਸ਼ਾਮ ਡਿਪਟੀ ਸੀਐਮ ਓਪੀ ਸੋਨੀ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੀ ਮੀਟਿੰਗ ਹੋਈ। ਜਿਸ ਵਿੱਚ ਹਦਾਇਤ ਕੀਤੀ ਗਈ ਸੀ ਕਿ ਦੱਖਣੀ ਅਫਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰੱਖੀ ਜਾਵੇ।
ਸਿਹਤ ਵਿਭਾਗ ਦੀ ਦੇਖ-ਰੇਖ ਹੇਠ ਡਿਪਟੀ ਸੀਐਮ ਓਪੀ ਸੋਨੀ ਨੇ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲੋੜ ਲਈ ਤਿਆਰ ਰਹਿਣ ਲਈ ਕਿਹਾ ਹੈ। ਅਧਿਕਾਰੀਆਂ ਨੂੰ ਇਸ ਲਈ ਲੋੜੀਂਦੀਆਂ ਦਵਾਈਆਂ ਅਤੇ ਉਪਕਰਣਾਂ ਦੀ ਖਰੀਦ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ‘ਚ ਵਿਦੇਸ਼ਾਂ ਤੋਂ ਆਉਣ ਵਾਲੇ ਹਰ ਯਾਤਰੀ ‘ਤੇ ਨਜ਼ਰ ਰੱਖੀ ਜਾਵੇਗੀ।