ਸ਼ਨੀਵਾਰ 27 ਨਵੰਬਰ ਨੂੰ ਇੱਕ ਅਮਰੀਕੀ ਏਅਰਲਾਈਨ ਦੇ ਜਹਾਜ਼ ਦੇ ਟਾਇਰਾਂ ਵਾਲੀ ਜਗ੍ਹਾ ਵਿੱਚ ਇੱਕ ਆਦਮੀ ਲੁਕਿਆ ਹੋਇਆ ਫੜ੍ਹਿਆ ਗਿਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਅਮਰੀਕਾ ਪਹੁੰਚਣ ਲਈ ਇਹ 26 ਸਾਲਾਂ ਸ਼ਖਸ ਢਾਈ ਘੰਟੇ ਟਾਇਰਾਂ ਵਾਲੀ ਜਗ੍ਹਾ ਵਿੱਚ ਵੜ੍ਹਿਆ ਰਿਹਾ ਅਤੇ ਫੜ੍ਹੇ ਜਾਣ ਦੌਰਾਨ ਬਿਲਕੁਲ ਠੀਕ-ਠਾਕ ਪਾਇਆ ਗਿਆ। ਇਹ ਸ਼ਖਸ ਗੁਆਟੇਮਾਲਾ ਤੋਂ ਅਮਰੀਕਾ ਦੇ ਮਿਆਮੀ ਲਈ ਰਵਾਨਾ ਹੋਈ ਫਲਾਈਟ ਵਿੱਚ ਲੁਕ ਕੇ ਆਇਆ।
ਅਮਰੀਕੀ ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਮੁਤਾਬਕ, ਗੁਆਟੇਮਾਲਾ ਸ਼ਹਿਰ ਤੋਂ ਮਿਆਮੀ ਜਾਣ ਵਾਲੀ ਫਲਾਈਟ-1182 ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਤੋਂ ਬਾਅਦ ਪਹੁੰਚੀ ਸੀ। ਜਹਾਜ਼ ਦੇ ਲੈਂਡ ਕਰਦੇ ਹੀ ਏਅਰਪੋਰਟ ਫੜੇ ਜਾਣ ਤੋਂ ਬਾਅਦ ਵਿਅਕਤੀ ਨੂੰ ਯੂ. ਐੱਸ. ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਫਿਰ ਉਸ ਨੂੰ ਹੋਰ ਡਾਕਟਰੀ ਨਿਗਰਾਨੀ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਅਜੇ ਜਾਰੀ ਹੈ।
ਕਸਟਮ ਵਿਭਾਗ ਨੇ ਦੱਸਿਆ ਕਿ ਮਿਆਮੀ ਏਅਰਪੋਰਟ ‘ਤੇ 26 ਸਾਲਾ ਵਿਅਕਤੀ ਨੂੰ ਫੜਿਆ ਗਿਆ ਹੈ, ਜੋ ਗੁਆਟੇਮਾਲਾ ਤੋਂ ਆਉਣ ਵਾਲੇ ਇੱਕ ਜਹਾਜ਼ ਦੇ ਟਾਇਰਾਂ ਵਾਲੀ ਜਗ੍ਹਾ ਕੋਲ ਬੈਠਾ ਸੀ। ਸ਼ਨੀਵਾਰ ਨੂੰ ਹੋਈ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਏਅਰਪੋਰਟ ਕਰਮਚਾਰੀਆਂ ਨੇ ਟਾਇਰਾਂ ਵਾਲੀ ਜਗ੍ਹਾ ਤੋਂ ਸ਼ਖਸ ਨੂੰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ।