ਵਾਰ-ਵਾਰ ਮਨਪਸੰਦ ਸੰਗੀਤ (Favorite Music ) ਸੁਣਨ ਨਾਲ ਕਮਜ਼ੋਰ ਯਾਦਦਾਸ਼ਤ ਜਾਂ ਅਲਜ਼ਾਈਮਰ ਦੇ ਮਰੀਜ਼ਾਂ ਦੀ ਦਿਮਾਗੀ ਸਮਰੱਥਾ (Mental Capacity) ਵੱਧ ਜਾਂਦੀ ਹੈ। ਯੂਨੀਵਰਸਿਟੀ ਆਫ ਟੋਰਾਂਟੋ ਅਤੇ ਯੂਨਿਟੀ ਹੈਲਥ ਟੋਰਾਂਟੋ ਦੁਆਰਾ ਕਰਵਾਏ ਗਏ ਇਕ ਅਧਿਐਨ (Study) ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਨਿਊਰੋਸਾਈਕੋਲੋਜੀਕਲ ਟੈਸਟਾਂ ਵਿੱਚ ਪਾਇਆ ਗਿਆ ਕਿ ਦਿਮਾਗੀ ਪ੍ਰਣਾਲੀ ਵਿੱਚ ਤਬਦੀਲੀਆਂ ਯਾਦਦਾਸ਼ਤ ਦੇ ਬਿਹਤਰ ਪ੍ਰਦਰਸ਼ਨ ਨਾਲ ਜੁੜੀਆਂ ਹੋਈਆਂ ਸਨ। ਇਹ ਨਤੀਜਾ ਡਿਮੇਂਸ਼ੀਆ ਦੇ ਮਰੀਜ਼ਾਂ ਦੇ ਇਲਾਜ ਵਿੱਚ ਸੰਗੀਤ ਦੀ ਵਰਤੋਂ ਲਈ ਰਾਹ ਪੱਧਰਾ ਕਰਦਾ ਹੈ। ਇਸ ਮਲਟੀ-ਮਾਡਲ ਅਧਿਐਨ ਅਲਜ਼ਾਈਮਰ ਰੋਗ ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਦੇ ਸੀਨੀਅਰ ਲੇਖਕ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਫੈਕਲਟੀ ਆਫ ਮਿਊਜ਼ਿਕ ਐਂਡ ਟੇਮਰਟੀ ਆਫ ਮੈਡੀਸਨ ਦੇ ਪ੍ਰੋਫੈਸਰ ਮਾਈਕਲ ਥੈਟ ਮੁਤਾਬਕ,”ਸਾਡੇ ਕੋਲ ਨਵੇਂ ਦਿਮਾਗ-ਆਧਾਰਿਤ ਨਵੇਂ ਸਬੂਤ ਹਨ ਜੋ ਇਹ ਸਾਬਤ ਕਰਦੇ ਹਨ ਕਿ ਜੀਵਨ ਵਿਚ ਖਾਸ ਮਹੱਤਵ ਰੱਖਣ ਵਾਲੇ ਸੰਗੀਤ ਨੂੰ ਵਾਰ-ਵਾਰ ਸੁਣਨ ਨਾਲ ਤੰਤੂ ਉਤੇਜਿਤ ਹੁੰਦੇ ਹਨ ਅਤੇ ਇਸ ਨਾਲ ਉੱਚ ਪੱਧਰੀ ਕਾਰਜਸ਼ੀਲਤਾ ਨੂੰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ। ਅਲਜ਼ਾਈਮਰ ਦੇ ਮਰੀਜ਼ਾਂ ਦੇ ਦਿਮਾਗ ਵਿੱਚ ਸਕਾਰਾਤਮਕ ਤਬਦੀਲੀ ਆਮ ਤੌਰ ‘ਤੇ ਮੁਸ਼ਕਲ ਹੁੰਦੀ ਹੈ।
ਅਧਿਐਨ ਦੇ ਸ਼ੁਰੂਆਤੀ ਨਤੀਜੇ ਦੱਸਦੇ ਹਨ ਕਿ ਮਨਪਸੰਦ ਸੰਗੀਤ ਸੁਣਨ ਨਾਲ ਦਿਮਾਗ ਦੀ ਗਤੀਵਿਧੀ ਵੱਧਦੀ ਹੈ। ਇਹ ਡਿਮੇਂਸ਼ੀਆ ਦੇ ਮਰੀਜ਼ਾਂ ਦੇ ਇਲਾਜ ਵਿੱਚ ਸੰਗੀਤ ਦੀ ਵਰਤੋਂ ਬਾਰੇ ਵਿਆਪਕ ਖੋਜ ਲਈ ਸੰਭਾਵਨਾਵਾਂ ਵੀ ਖੋਲ੍ਹਦਾ ਹੈ। ਅਧਿਐਨ ਵਿੱਚ ਕੁੱਲ 14 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਅੱਠ ਆਮ ਲੋਕ ਸਨ ਅਤੇ ਛੇ ਸੰਗੀਤਕਾਰ ਸਨ। ਤਿੰਨ ਹਫ਼ਤਿਆਂ ਦੇ ਅਧਿਐਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਦੀ ਐਮਆਰਆਈ ਕਰਾਈ ਗਈ, ਜਿਸ ਦੇ ਨਤੀਜਿਆਂ ਨੇ ਖੋਜੀਆਂ ਨੂੰ ਹੈਰਾਨ ਕਰ ਦਿੱਤਾ।
ਸੇਂਟ ਮਾਈਕਲਜ਼ ਹਸਪਤਾਲ ਆਫ਼ ਯੂਨਿਟੀ ਹੈਲਥ ਟੋਰਾਂਟੋ ਵਿੱਚ ਜੇਰੀਏਟ੍ਰਿਕ ਮਨੋਵਿਗਿਆਨ ਦੇ ਨਿਰਦੇਸ਼ਕ ਅਤੇ ਅਧਿਐਨ ਦੇ ਪ੍ਰਮੁੱਖ ਲੇਖਕ ਡਾ. ਕੋਰੀਨ ਫਿਸ਼ਰ ਦਾ ਕਹਿਣਾ ਹੈ ਕਿ ਸੰਗੀਤ-ਅਧਾਰਿਤ ਪ੍ਰਯੋਗ ਸ਼ੁਰੂਆਤੀ ਪੜਾਅ ਦੇ ਬੋਧਾਤਮਕ ਗਿਰਾਵਟ ਵਾਲੇ ਲੋਕਾਂ ਦੇ ਇਲਾਜ ਲਈ ਇੱਕ ਆਸਾਨ ਢੰਗ ਹੋ ਸਕਦਾ ਹੈ। ਅਲਜ਼ਾਈਮਰ ਦੇ ਮੌਜੂਦਾ ਇਲਾਜਾਂ ਨੇ ਹੁਣ ਤੱਕ ਸੀਮਤ ਲਾਭ ਦਿਖਾਇਆ ਹੈ। ਅਜਿਹੇ ਵਿਚ ਸਾਡੀ ਖੋਜ ਦੇ ਨਤੀਜੇ ਦੱਸਦੇ ਹਨ ਕਿ ਸੰਗੀਤ ਸੁਣਨ ਨਾਲ ਦਿਮਾਗ ‘ਤੇ ਸਥਾਈ ਪ੍ਰਭਾਵ ਪੈ ਸਕਦਾ ਹੈ। ਸੰਗੀਤ ਤੁਹਾਡੀ ਯਾਦਦਾਸ਼ਤ ‘ਤੇ ਅਨੁਕੂਲ ਪ੍ਰਭਾਵ ਪਾ ਸਕਦਾ ਹੈ।