ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਅਸੁਮੇਧ ਜਗਨੇ ॥ ਤੁਲਾ ਪੁਰਖ ਦਾਨੇ ॥ ਪ੍ਰਾਗ ਇਸਨਾਨੇ ॥੧॥ ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥ ਗਇਆ ਪਿੰਡੁ ਭਰਤਾ ॥ ਬਨਾਰਸਿ ਅਸਿ ਬਸਤਾ ॥ ਮੁਖਿ ਬੇਦ ਚਤੁਰ ਪੜਤਾ ॥੨॥ ਸਗਲ ਧਰਮ ਅਛਿਤਾ ॥ ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ ਖਟੁ ਕਰਮ ਸਹਿਤ ਰਹਤਾ ॥੩॥ ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥ ਸਿਮਰਿ ਸਿਮਰਿ ਗੋਬਿੰਦੰ ॥ ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥
ਅਰਥ:- ਜੇ ਕੋਈ ਮਨੁੱਖ ਅਸਮੇਧ ਜੱਗ ਕਰੇ, ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ।1। ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ। ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ।1। ਰਹਾਉ। ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ, ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ, ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ।2। ; ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ, ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ, ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ,।3। ਸ਼ਿਵ ਰਾਮਾਇਣ (ਆਦਿਕ) ਦਾ ਪਾਠ ਕਰਦਾ ਹੋਵੇ —ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ। ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ, (ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ।4।1।