ਫੇਸਬੁੱਕ ਦਾ ਨਾਂ ਪਿਛਲੇ ਸਾਲ ਅਕਤੂਬਰ ‘ਚ ਬਦਲਿਆ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੂੰ ‘ਮੇਟਾ’ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਦੁਨੀਆ ਉਨ੍ਹਾਂ ਦੀ ਕੰਪਨੀ ਨੂੰ ਫੇਸਬੁੱਕ ਦੇ ਤੌਰ ‘ਤੇ ਨਹੀਂ, ਸਗੋਂ ਇੱਕ ਮੇਟਾਵਰਸ ਵਜੋਂ ਜਾਣੇ, ਪਰ ਦੁਨੀਆ ਨੂੰ ਕੰਪਨੀ ਦਾ ਨਵਾਂ ਨਾਂ ਰਾਸ ਨਹੀਂ ਆ ਰਿਹਾ। ਨਵੇਂ ਨਾਂ ਤੋਂ ਬਾਅਦ ਵੀ ਵਿਵਾਦ ਕੰਪਨੀ ਦਾ ਪਿੱਛਾ ਨਹੀਂ ਛੱਡ ਰਹੇ।
ਮੇਟਾ ਨੇ ਇਕ ਬਿਆਨ ‘ਚ ਕਿਹਾ ਹੈ ਕਿ ਜੇ ਉਸ ਨੂੰ ਯੂਰਪੀਅਨ ਯੂਜ਼ਰਸ ਦਾ ਡਾਟਾ ਦੂਜੇ ਦੇਸ਼ਾਂ ਨਾਲ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਆਪਣੀਆਂ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ। ਮੇਟਾ ਨੇ ਕਿਹਾ ਹੈ ਕਿ ਯੂਜ਼ਰਸ ਦਾ ਡਾਟਾ ਸ਼ੇਅਰ ਨਾ ਕੀਤੇ ਜਾਣ ਕਾਰਨ ਉਸ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਯੂਜ਼ਰ ਡਾਟਾ ਦੇ ਆਧਾਰ ‘ਤੇ ਕੰਪਨੀ ਯੂਜ਼ਰਸ ਨੂੰ ਇਸ਼ਤਿਹਾਰ ਦਿਖਾਉਂਦੀ ਹੈ।
ਮੇਟਾ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਉਹ 2022 ਦੀਆਂ ਨਵੀਆਂ ਸ਼ਰਤਾਂ ਨੂੰ ਸਵੀਕਾਰ ਕਰੇਗੀ, ਪਰ ਜੇ ਡਾਟਾ ਟ੍ਰਾਂਸਫਰ ਦੀ ਸਹੂਲਤ ਨਹੀਂ ਮਿਲਦੀ ਹੈ ਤਾਂ ਉਸ ਨੂੰ ਫੇਸਬੁੱਕ, ਇੰਸਟਾਗ੍ਰਾਮ ਸਣੇ ਆਪਣੀਆਂ ਕਈ ਸੇਵਾਵਾਂ ਨੂੰ ਬੰਦ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਮੇਟਾ ਅਮਰੀਕਾ ਦੇ ਸਰਵਰ ‘ਤੇ ਯੂਰਪ ਯੂਜ਼ਰਸ ਦਾ ਡਾਟਾ ਸਟੋਰ ਕਰ ਰਿਹਾ ਸੀ ਪਰ ਨਵੇਂ ਨਿਯਮਾਂ ‘ਚ ਡਾਟਾ ਸ਼ੇਅਰਿੰਗ ‘ਤੇ ਮਨਾਹੀ ਹੈ।