ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤੀ ਲਈ ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਪੇਂਡੂ ਖੇਤਰਾਂ ਦੇ ਵੋਟਰਾਂ ਨੂੰ ਲੁਭਾਉਣ ਲਈ ਸੰਕਲਪ ਪੱਤਰ ਜਾਰੀ ਕੀਤਾ ਹੈ। ਐਨਡੀਏ ਵੱਲੋਂ ਜਾਰੀ ਪੱਤਰ ਵਿੱਚ 11 ਸੰਕਲਪ ਕੀਤੇ ਗਏ ਹਨ। ਮਨੋਰਥ ਪੱਤਰ ਜਾਰੀ ਕਰਨ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਭਾਜਪਾ ਬੁਲਾਰਾ ਸੁਭਾਸ਼ ਸ਼ਰਮਾ ਅਤੇ ਹੋਰ ਹਾਜ਼ਰ ਸਨ। ਹਾਲਾਂਕਿ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸੇ ਕਾਰਨ ਇਸ ਮੌਕੇ ਹਾਜ਼ਰ ਨਹੀਂ ਹੋ ਸਕੇ।
ਸੰਕਲਪ ਪੱਤਰ ਜਾਰੀ ਕਰਨ ਮੌਕੇ ਗਜੇਂਦਰ ਸ਼ੇਖਾਵਤ ਨੇ ਸੰਬੋਧਨ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇੱਕ ਸਮੇਂ ਦੇਸ਼ ਵਿੱਚ ਅੰਨ ਵਿਦੇਸ਼ੋਂ ਮੰਗਵਾਇਆ ਜਾਂਦਾ ਸੀ, ਪਰੰਤੂ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅਤੇ ਦੇਸ਼ ਨੂੰ ਸਭ ਤੋਂ ਵੱਡੇ ਅੰਨ ਭੰਡਾਰ ਦੇਸ਼ਾਂ ਵਿੱਚ ਮੋਹਰੀ ਸ਼੍ਰੇਣੀ ‘ਚ ਖੜਾ ਕੀਤਾ ਅਤੇ ਅੱਜ ਭਾਰਤ ਅੰਨ ਨਿਰਯਾਤ ਕਰਨ ਵਾਲਾ ਦੇਸ਼ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਅਤੇ ਮਜਦੂਰਾਂ ਨਾਲ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਸੰਕਲਪਾਂ ਨੂੰ ਲੈ ਕੇ ਚੋਣਾਂ ਵਿੱਚ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਨੇ ਕਿਸਾਨ ਭਲਾਈ ਲਈ 10 ਸਿਫਾਰਸ਼ਾਂ ਕੀਤੀਆਂ ਸਨ ਅਤੇ ਸਵਾਮੀਨਾਥਨ ਨੇ ਖੁਦ ਕਿਹਾ ਸੀ ਕਿ ਮੋਦੀ ਸਰਕਾਰ ਨੇ ਇਨ੍ਹਾਂ ‘ਤੇ ਗੰਭੀਰਤਾ ਨਾਲ ਕੰਮ ਕੀਤਾ ਹੈ।