ਰੂਸ ਦਾ ਕਹਿਣਾ ਹੈ ਕਿ ਉਸ ਨੇ ਯੂਕਰੇਨ ਵਿੱਚ 70 ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਵਿੱਚ 11 ਏਅਰਫੀਲਡ ਵੀ ਹਨ। ਰੂਸ-ਯੂਕਰੇਨ ‘ਚ ਜੰਗ ਸਿਖਰ ‘ਤੇ ਪਹੁੰਚ ਗਈ ਹੈ। ਸੈਂਟਰ ਫਾਰ ਡਿਫੈਂਸ ਸਟ੍ਰੈਟਿਜਿਸਟ ਮੁਤਾਬਕ 100 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ। ਇਸ ਤੋਂ ਇਲਾਵਾ 7 ਰੂਸੀ ਜਹਾਜ਼ ਅਤੇ 3 ਹੈਲੀਕਾਪਟਰ ਵੀ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ ਰੂਸ ਨੇ ਹੇਨੀਚੇਸਕ ਅਤੇ ਨੋਵਾ ਕਾਹੋਵਕਾ ‘ਤੇ ਕਬਜ਼ਾ ਕਰ ਲਿਆ ਹੈ।
ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਕੀਵ ਵਿੱਚ ਭਾਰਤ ਦਾ ਦੂਤਘਰ ਸਾਰੇ ਭਾਰਤੀਆਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰ ਰਿਹਾ ਹੈ। ਜੇਕਰ ਕੋਈ ਕੀਵ ਵਿੱਚ ਫਸਿਆ ਹੋਇਆ ਹੈ ਤਾਂ ਉਸਨੂੰ ਆਪਣੇ ਦੋਸਤਾਂ, ਪਰਿਵਾਰਾਂ, ਭਾਰਤੀ ਭਾਈਚਾਰੇ ਦੇ ਮੈਂਬਰਾਂ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੋਂ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ, ਸੜਕਾਂ ਬੰਦ ਹਨ ਅਤੇ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਹੈ, ਮੈਂ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਜਿੱਥੇ ਵੀ ਹਨ, ਆਪਣੇ ਨਿਵਾਸ ਦੇ ਸਾਂਝੇ ਖੇਤਰ ਦੇ ਅੰਦਰ ਹੀ ਰਹਿਣ ਅਤੇ ਜਿਹੜੇ ਲੋਕ ਆਵਾਜਾਈ ਵਿੱਚ ਹਨ, ਉਨ੍ਹਾਂ ਨੂੰ ਆਮ ਵਾਂਗ ਵਾਪਸ ਜਾਣਾ ਚਾਹੀਦਾ ਹੈ।
ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਨੇ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਨਾਲ ਕਿਯੇਵ ਵਿੱਚ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਯੂਕਰੇਨ ਦੇ ਸ਼ਾਂਤਮਈ ਸ਼ਹਿਰਾਂ ‘ਤੇ ਹਮਲੇ ਹੋ ਰਹੇ ਹਨ। ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ। ਰੂਸ ਅਤੇ ਯੂਕਰੇਨ ਵਿਚਾਲੇ ਕਈ ਮਹੀਨਿਆਂ ਤੋਂ ਚੱਲਿਆ ਤਣਾਅ ਆਖਰਕਾਰ ਵੀਰਵਾਰ ਨੂੰ ਜੰਗ ਵਿੱਚ ਬਦਲ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਕੇ ਵਾਪਸ ਚਲੇ ਜਾਣਾ ਚਾਹੀਦਾ ਹੈ। ਇਸ ਬਿਆਨ ਦੇ ਤੁਰੰਤ ਬਾਅਦ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਅਤੇ ਰਾਜਧਾਨੀ ਕੀਵ ਵਿੱਚ ਵੱਡੇ ਧਮਾਕੇ ਹੋਣ ਦੀ ਖ਼ਬਰ ਹੈ। ਰਿਪੋਰਟਾਂ ਮੁਤਾਬਕ ਕ੍ਰਾਮਾਟੋਸਕ ‘ਚ ਦੋ ਧਮਾਕੇ ਹੋਏ ਹਨ। ਰੂਸੀ ਸੈਨਿਕ ਕ੍ਰੀਮੀਆ ਰਾਹੀਂ ਯੂਕਰੇਨ ਵਿੱਚ ਦਾਖਲ ਹੋ ਰਹੇ ਹਨ।