Home » ਇੰਗਲੈਂਡ ‘ਚ 3 ਸਿੱਖ ਵਿਦਿਆਰਥੀਆਂ ‘ਤੇ ਨਸਲੀ ਹਮਲਾ
Home Page News Religion World World News

ਇੰਗਲੈਂਡ ‘ਚ 3 ਸਿੱਖ ਵਿਦਿਆਰਥੀਆਂ ‘ਤੇ ਨਸਲੀ ਹਮਲਾ

Spread the news

ਇੰਗਲੈਂਡ-ਬੀਤੇ ਦਿਨ ਲੈਸਟਰ ਸ਼ਹਿਰ ਦੇ ਜੱਜਮੈਡੋ ਸਕੂਲ ਦੇ ਕੁਝ ਵੱਖ-ਵੱਖ ਦੇਸ਼ਾਂ ਨਾਲ ਸੰਬੰਧਿਤ ਇਕ ਭਾਈਚਾਰੇ ਦੇ ਵਿਦਿਆਰਥੀਆਂ ਵਲੋਂ ਸਿੱਖ ਧਰਮ ਖਿਲਾਫ਼ ਅਤੇ ਦਸਤਾਰ ਖਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸਕੂਲ ਦੇ 3 ਦਸਤਾਰਧਾਰੀ ਸਿੱਖ ਵਿਦਿਆਰਥੀਆਂ ‘ਤੇ ਨਸਲੀ ਹਮਲਾ ਕਰਕੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਦਸਤਾਰ ਦੀ ਬੇਅਦਬੀ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਲੈਸਟਰ ਦੇ ਵਸਨੀਕ ਦਲਜੀਤ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਤਾਜ ਸਿੰਘ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਦਸਤਾਧਾਰੀ ਵਿਦਿਆਰਥੀ ਗੁਰਦਾਸ ਸਿੰਘ ‘ਤੇ ਸਕੂਲ ‘ਚ 20-25 ਤੋਂ ਵੀ ਵੱਧ ਇਕ ਭਾਈਚਾਰੇ ਦੇ ਵਿਦਿਆਰਥੀਆਂ ਵਲੋਂ ਨਸਲੀ ਹਮਲਾ ਕਰਕੇ ਦਸਤਾਰ ਦੀ ਬੇਅਦਬੀ ਕੀਤੀ ਅਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਇਕ ਸਿੱਖ ਵਿਦਿਆਰਥੀ ਨੂੰ ਜ਼ਖ਼ਮੀ ਕਰ ਦਿੱਤਾ | ਇਸ ਹਮਲੇ ਦੌਰਾਨ ਸਿੱਖ ਵਿਦਿਆਰਥੀਆਂ ਨੇ ਬੜੀ ਦਲੇਰੀ ਅਤੇ ਹਿੰਮਤ ਨਾਲ ਆਪਣੀ ਜਾਨ ਬਚਾਈ | ਇਸ ਨਸਲੀ ਹਮਲੇ ‘ਤੇ ਰੋਸ ਪ੍ਰਗਟ ਕਰਦਿਆਂ ਲੈਸਟਰ ਅਤੇ ਆਸ-ਪਾਸ ਦੇ ਸਿੱਖ ਭਾਈਚਾਰੇ ਵਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਇਕੱਤਰਤਾ ਕੀਤੀ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਮਨਵਿੰਦਰ ਸਿੰਘ ਰਾਜਾ ਕੰਗ, ਗੁਰਦੁਆਰਾ ਦਸਮੇਸ਼ ਸਾਹਿਬ ਜਿਪਸੀ ਲੇਨ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਬੰਧਕਾਂ ਨੇ ਸਕੂਲ ਦੇ ਪਿ੍ੰਸੀਪਲ ਅਤੇ ਸਥਾਨਕ ਪੁਲਿਸ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਹਰੇਕ ਧਰਮ ਦਾ ਸਤਿਕਾਰ ਕਰਦੀ ਇਸ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਮੁਸਤੇਦੀ ਨਾਲ ਨਿਭਾਉਣੀ ਚਾਹੀਦੀ ਹੈ | ਪੁਲਿਸ ਨੇ 3 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ |