ਆਸਟ੍ਰੇਲੀਆ (Australia Team) ‘ਚ ਅਕਤੂਬਰ ‘ਚ ਸ਼ੁਰੂ ਹੋਣ ਵਾਲੇ T20 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਇਕ ਹੋਰ ਦਿਲਚਸਪ ਸੀਰੀਜ਼ ਦੇਖਣ ਨੂੰ ਮਿਲ ਸਕਦੀ ਹੈ। ਭਾਰਤੀ ਟੀਮ (Indian Cricket Team) ਦੇ ਵਿਸ਼ਵ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ (Australia india Tour) ਭਾਰਤ ਦਾ ਦੌਰਾ ਕਰ ਸਕਦੀ ਹੈ। ਇੱਥੇ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਟੀ-20 (T20 Match) ਮੈਚ ਖੇਡੇ ਜਾ ਸਕਦੇ ਹਨ।
ਫੌਕਸ ਸਪੋਰਟਸ ਦੀ ਇੱਕ ਰਿਪੋਰਟ ‘ਚ ਕਿਹਾ ਗਿਆ ਹੈ, “ਆਸਟ੍ਰੇਲੀਆ ਸਤੰਬਰ ‘ਚ ਭਾਰਤ ਦੌਰੇ ‘ਤੇ ਤਿੰਨ ਟੀ-20 ਮੈਚ ਖੇਡੇਗਾ ਤੇ ਜ਼ਿੰਬਾਬਵੇ, ਨਿਊਜ਼ੀਲੈਂਡ, ਵੈਸਟਇੰਡੀਜ਼ ਤੇ ਇੰਗਲੈਂਡ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਦੀ ਮੇਜ਼ਬਾਨੀ ਵੀ ਕਰੇਗਾ।”
ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ IPL ਤੋਂ ਬਾਅਦ ਅਤੇ T20 ਵਿਸ਼ਵ ਕੱਪ 2022 ਤੋਂ ਪਹਿਲਾਂ ਭਾਰਤ ਦੀ ਚੌਥੀ ਟੀ-20 ਸੀਰੀਜ਼ ਹੋਵੇਗੀ। ਆਈਪੀਐਲ ਦੀ ਸਮਾਪਤੀ ਤੋਂ ਤੁਰੰਤ ਬਾਅਦ ਭਾਰਤ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੀ ਮੇਜ਼ਬਾਨੀ ਕਰੇਗਾ। ਇਸ ਸੀਰੀਜ਼ ਦੇ ਮੈਚ 9 ਤੋਂ 19 ਜੂਨ ਦਰਮਿਆਨ ਖੇਡੇ ਜਾਣਗੇ। ਇਸ ਤੋਂ ਤੁਰੰਤ ਬਾਅਦ ਭਾਰਤੀ ਟੀਮ ਆਇਰਲੈਂਡ ਦੌਰੇ ‘ਤੇ ਦੋ ਟੀ-20 ਮੈਚ ਖੇਡੇਗੀ।
ਰੋਹਿਤ ਦੀ ਕਪਤਾਨੀ ‘ਚ ਟੀਮ ਇੰਡੀਆ 1 ਜੁਲਾਈ ਨੂੰ ਇੰਗਲੈਂਡ ਖਿਲਾਫ 2021 ਦੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਟੈਸਟ ਵੀ ਖੇਡੇਗੀ। ਭਾਰਤ-ਇੰਗਲੈਂਡ ਟੈਸਟ ਸੀਰੀਜ਼ਜ਼ ਦਾ ਆਖਰੀ ਟੈਸਟ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਟੈਸਟ ਮੈਚ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ‘ਚ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੇ ਬਰਾਬਰ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ।