ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥
ਅਰਥ: (ਹੇ ਭਾਈ! ਬੇਨਤੀ ਕਰਿਆ ਕਰ-) ਹੇ ਪ੍ਰਭੂ! (ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ। ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ॥੧॥ ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ॥ ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ। (ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੨॥