Home » ਸਮਰਕੰਦ ਮੀਟਿੰਗ ‘ਚ ਪਹਿਲੀ ਵਾਰ PM ਮੋਦੀ ਤੇ ਸ਼ਾਹਬਾਜ਼ ਸ਼ਰੀਫ ਸਾਂਝਾ ਕਰਨਗੇ ਮੰਚ…
Home Page News India India News World

ਸਮਰਕੰਦ ਮੀਟਿੰਗ ‘ਚ ਪਹਿਲੀ ਵਾਰ PM ਮੋਦੀ ਤੇ ਸ਼ਾਹਬਾਜ਼ ਸ਼ਰੀਫ ਸਾਂਝਾ ਕਰਨਗੇ ਮੰਚ…

Spread the news

ਰੂਸ-ਯੂਕਰੇਨ ਯੁੱਧ ਅਤੇ ਤਾਈਵਾਨ ਨਾਲ ਤਣਾਅ ਦੇ ਵਿਚਕਾਰ ਸ਼ੰਘਾਈ ਸਹਿਯੋਗ ਸੰਗਠਨ ਦਾ ਸੰਮੇਲਨ 15-17 ਸਤੰਬਰ ਨੂੰ ਸਮਰਕੰਦ, ਉਜ਼ਬੇਕਿਸਤਾਨ ਵਿੱਚ ਹੋਣ ਵਾਲਾ ਹੈ। ਇਸ ਵਿੱਚ ਪੀਐੱਮ ਮੋਦੀ ਪਹਿਲੀ ਵਾਰ ਪਾਕਿਸਤਾਨ ਦੇ ਪੀਐੱਮ ਸ਼ਾਹਬਾਜ਼ ਸ਼ਰੀਫ਼ ਨਾਲ ਮੰਚ ਸਾਂਝਾ ਕਰਨਗੇ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਹੋਵੇਗੀ ਜਾਂ ਨਹੀਂ। ਇਸ ਬੈਠਕ ‘ਚ ਪੀਐੱਮ ਮੋਦੀ ਦੀ ਰੂਸ ਅਤੇ ਚੀਨ ਦੇ ਰਾਸ਼ਟਰਪਤੀਆਂ ਨਾਲ ਦੁਵੱਲੀ ਬੈਠਕ ਦੀ ਸੰਭਾਵਨਾ ‘ਤੇ ਚਰਚਾ ਕੀਤੀ ਜਾ ਰਹੀ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫ਼ਤੇ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਇੱਕ ਦੂਜੇ ਨੂੰ ਮਿਲਣਗੇ। ਐੱਸਸੀਓ ਦੇ ਕੁੱਲ 8 ਮੈਂਬਰ ਦੇਸ਼ ਹਨ ਜਿਨ੍ਹਾਂ ਵਿੱਚ ਚੀਨ, ਰੂਸ, ਭਾਰਤ, ਪਾਕਿਸਤਾਨ, ਕਿਰਗਿਸਤਾਨ, ਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਤਜ਼ਾਕਿਸਤਾਨ ਸ਼ਾਮਲ ਹਨ। ਚੀਨ, ਈਰਾਨ ਨੂੰ ਇਸ ਸੰਗਠਨ ਦਾ ਮੈਂਬਰ ਬਣਾਉਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਐੱਸਸੀਓ ਮੀਟਿੰਗ ਦੌਰਾਨ ਪੀਐੱਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਚੀਨੀ ਪਹਿਲਾਂ ਹੀ ਇਸ ਦੀ ਤਿਆਰੀ ਕਰ ਰਿਹਾ ਹੈ, ਪਰ ਭਾਰਤ ਨੇ ਕੋਈ ਰਸਮੀ ਅਧਿਕਾਰਤ ਐਲਾਨ ਨਹੀਂ ਕੀਤਾ। ਸ਼ੁੱਕਰਵਾਰ ਨੂੰ ਭਾਰਤ ਨੇ ਐਲਾਨ ਕੀਤਾ ਸੀ ਕਿ ਭਾਰਤ-ਚੀਨ ਸਰਹੱਦ ਦੇ ਗੋਗਰਾ-ਹਾਟ ਸਪਰਿੰਗ ਖੇਤਰ ਦੇ ਗਸ਼ਤ ਪੁਆਇੰਟ 15 ਤੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪਿੱਛੇ ਹਟ ਰਹੀਆਂ ਹਨ। ਇਹ ਪ੍ਰਕਿਰਿਆ 12 ਸਤੰਬਰ ਤਕ ਪੂਰੀ ਕਰ ਲਈ ਜਾਵੇਗੀ। ਅਜਿਹੇ ‘ਚ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਫ਼ੌਜਾਂ ਦੀ ਵਾਪਸੀ ਦੀ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਉਜ਼ਬੇਕਿਸਤਾਨ ਦੇ ਸਮਰਕੰਦ ‘ਚ ਪੀਐੱਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਦੂਜੇ ਪਾਸੇ ਰੂਸ ਐੱਸਸੀਓ ਦੇ ਜ਼ਰੀਏ ਭਾਰਤ ਅਤੇ ਚੀਨ ਨੂੰ ਇਕੱਠੇ ਕਰਨ ਅਤੇ ਪੱਛਮੀ ਦੇਸ਼ਾਂ ਦੇ ਖ਼ਿਲਾਫ਼ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।