Home » ਕੁਸ਼ਤੀ ਮਹਾਸੰਘ ਖ਼ਿਲਾਫ਼ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ, ਬਜਰੰਗ ਪੂਨੀਆ ਨੇ ਕਿਹਾ- ਖੇਡ ਮੰਤਰਾਲੇ ਨੇ ਗੱਲਬਾਤ ਲਈ ਬੁਲਾਇਆ…
Home Page News India India News India Sports

ਕੁਸ਼ਤੀ ਮਹਾਸੰਘ ਖ਼ਿਲਾਫ਼ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ, ਬਜਰੰਗ ਪੂਨੀਆ ਨੇ ਕਿਹਾ- ਖੇਡ ਮੰਤਰਾਲੇ ਨੇ ਗੱਲਬਾਤ ਲਈ ਬੁਲਾਇਆ…

Spread the news

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਅੱਜ ਦੂਜੇ ਦਿਨ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਵਿਨੇਸ਼ ਦੇ ਨਾਲ-ਨਾਲ ਬਜਰੰਗ ਪੂਨੀਆ ਵੀ ਇਸ ਵਿਰੋਧ ‘ਚ ਸ਼ਾਮਲ ਹਨ। ਪਹਿਲਵਾਨਾਂ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਨ ਨੇ ਅੱਜ ਫਿਰ ਇਨ੍ਹਾਂ ਖਿਡਾਰੀਆਂ ‘ਤੇ ਹਮਲਾ ਬੋਲਿਆ ਹੈ। ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਵੀ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨੇ ‘ਚ ਹੋਰ ਪਹਿਲਵਾਨਾਂ ਨਾਲ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਦੇਸ਼ ਲਈ ਲੜ ਸਕਦੇ ਹਾਂ ਤਾਂ ਆਪਣੇ ਹੱਕਾਂ ਲਈ ਵੀ ਲੜ ਸਕਦੇ ਹਾਂ। ਬਜਰੰਗ ਨੇ ਇਸ ਦੇ ਨਾਲ ਕਿਹਾ ਕਿ ਅਸੀਂ ਆਪਣੀਆਂ ਭੈਣਾਂ ਨਾਲ ਕੁਝ ਵੀ ਗਲਤ ਨਹੀਂ ਹੋਣ ਦੇ ਸਕਦੇ ਅਤੇ ਹੁਣ ਆਵਾਜ਼ ਉਠਾਉਣ ਦਾ ਸਮਾਂ ਆ ਗਿਆ ਹੈ। ਪਹਿਲਵਾਨਾਂ ਦੇ ਪ੍ਰਦਰਸ਼ਨ ਦੇ ਵਿਚਕਾਰ ਪਹੁੰਚੀ ਸੀਪੀਐਮ ਆਗੂ Vrinda Karat ਨੂੰ ਪਹਿਲਵਾਨਾਂ ਨੇ ਸਟੇਜ ‘ਤੇ ਬਿਆਨ ਦੇਣ ਤੋਂ ਰੋਕ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਟੇਜ ਛੱਡਣ ਲਈ ਵੀ ਕਿਹਾ ਗਿਆ। ਭਾਜਪਾ ਆਗੂ ਅਤੇ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਵੀ ਪਹਿਲਵਾਨਾਂ ਦੇ ਧਰਨੇ ਵਾਲੀ ਥਾਂ ‘ਤੇ ਪਹੁੰਚੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਸਰਕਾਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਖਿਡਾਰੀਆਂ ਦੇ ਨਾਲ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਬ੍ਰਿਜ ਭੂਸ਼ਣ ਸ਼ਰਨ ਨੇ ਕਿਹਾ ਕਿ ਕੁਸ਼ਤੀ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਉਮਰ ਸਿਰਫ਼ 22 ਤੋਂ 28 ਸਾਲ ਦੇ ਵਿਚਕਾਰ ਹੈ। ਪਹਿਲਵਾਨਾਂ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧ ਕਰ ਰਹੇ ਇਹ ਪਹਿਲਵਾਨ ਓਲੰਪਿਕ ਮੈਡਲ ਨਹੀਂ ਜਿੱਤ ਸਕਦੇ ਅਤੇ ਇਹੀ ਕਾਰਨ ਗੁੱਸੇ ‘ਚ ਬਦਲ ਗਿਆ ਹੈ, ਇਸ ਲਈ ਉਹ ਵਿਰੋਧ ਕਰ ਰਹੇ ਹਨ।
ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਹੋਰ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਅਤੇ ਇਸ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਦੂਜੇ ਦਿਨ ਵੀ ਜੰਤਰ-ਮੰਤਰ ‘ਤੇ ਸ਼ਾਂਤਮਈ ਧਰਨੇ ‘ਤੇ ਬੈਠੇ। ਸੰਸਦ ਮੈਂਬਰ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਕੋਚ ਪ੍ਰਦੀਪ ਦਹੀਆ ਦਾ ਬਿਆਨ ਵੀ ਖਿਡਾਰੀਆਂ ਵੱਲੋਂ WFI ਪ੍ਰਧਾਨ ‘ਤੇ ਲਗਾਏ ਗਏ ਦੋਸ਼ਾਂ ‘ਤੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇੰਨੇ ਵੱਡੇ ਖਿਡਾਰੀ ਬੋਲ ਰਹੇ ਹਨ ਤਾਂ ਕੋਈ ਨਾ ਕੋਈ ਸੱਚਾਈ ਜ਼ਰੂਰ ਹੋਣੀ ਚਾਹੀਦੀ ਹੈ। ਦਹੀਆ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਇਕ ਵੱਡੀ ਮਹਿਲਾ ਖਿਡਾਰੀ ਹੈ ਅਤੇ ਜੇਕਰ ਉਹ ਦੋਸ਼ ਲਗਾ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨਾਲ ਜ਼ਰੂਰ ਕੁਝ ਹੋਇਆ ਹੋਵੇਗਾ। ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਤਗ਼ਮੇ ਜਿੱਤਣ ਵਾਲੀ ਵਿਨੇਸ਼ ਫੋਗਾਟ ਨੇ ਕੁਸ਼ਤੀ ਫੈਡਰੇਸ਼ਨ ਅਤੇ ਇਸ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਸ ਨੇ ਬੀਤੇ ਦਿਨ ਰੋਂਦੇ ਹੋਏ ਕਿਹਾ ਕਿ ਉਹ ਇਕੱਲੀ ਨਹੀਂ, ਸਗੋਂ ਬ੍ਰਜਭੂਸ਼ਣ ਸ਼ਰਨ ਅਤੇ ਉਸ ਦੇ ਸੰਘ ਨਾਲ ਸਬੰਧਤ ਕੋਚ-ਰੈਫਰੀ ਵੱਲੋਂ ਕਈ ਮਹਿਲਾ ਪਹਿਲਵਾਨਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ। ਹਾਲਾਂਕਿ ਵਿਨੇਸ਼ ਨੇ ਖੁਦ ਯੌਨ ਉਤਪੀੜਨ ਦੀ ਗੱਲ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 30 ਤੋਂ ਜ਼ਿਆਦਾ ਪਹਿਲਵਾਨਾਂ ਨੇ ਸੰਘ ‘ਤੇ ਅੱਤਿਆਚਾਰ ਅਤੇ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਬ੍ਰਿਜ ਭੂਸ਼ਣ ਸ਼ਰਨ ਨੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਕਿਹਾ ਹੈ ਕਿ ਉਹ ਹਰ ਜਾਂਚ ਲਈ ਤਿਆਰ ਹਨ।