ਉੱਤਰੀ ਲੰਡਨ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੇ ਆਪਣੇ ਪਿਤਾ ਨੂੰ ਕਤਲ ਕਰ ਦਿੱਤਾ ਸੀ, ਜਿਸਦੇ ਦੋਸ਼ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 54 ਸਾਲਾ ਦੋਸ਼ੀ ਡੀਕਨ ਪਾਲ ਸਿੰਘ ਵਿੱਜ ਨੂੰ ਪਿਛਲੇ ਮਹੀਨੇ ਓਲਡ ਬੇਲੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਪਾਇਆ ਗਿਆ ਅਤੇ ਉਸੇ ਅਦਾਲਤ ਨੇ ਸ਼ੁੱਕਰਵਾਰ ਨੂੰ ਵਿੱਜ ਨੂੰ 18 ਸਾਲ ਦੀ ਸਜ਼ਾ ਸੁਣਾਈ। ਜਾਂਚ ਵਿੱਚ ਸ਼ਾਮਲ ਇੱਕ ਪੁਲਸ ਅਧਿਕਾਰੀ ਨੇ ਕਿਹਾ, “ਡੀਕਨ ਪਾਲ ਸਿੰਘ ਵਿੱਜ ਦੀ ਇਸ ਹਰਕਤ ਨੇ ਉਸਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੂੰ ਹਮੇਸ਼ਾ ਆਪਣੇ ਅਜ਼ੀਜ਼ ਦੇ ਜਾਣ ਦੇ ਗਮ ਦਾ ਸਾਹਮਣਾ ਕਰਨਾ ਪਏਗਾ, ਜਦੋਂ ਕਿ ਵਿੱਜ ਨੂੰ ਜੇਲ੍ਹ ਵਿੱਚ ਸਜ਼ਾ ਕੱਟਣੀ ਪਵੇਗੀ।ਪੁਲਸ ਅਧਿਕਾਰੀ ਨੇ ਕਿਹਾ, “86 ਸਾਲਾਂ ਦੇ ਅਰਜਨ ਸਿੰਘ ਵਿੱਜ ਆਪਣੇ ਬੇਟੇ ਨਾਲ ਸਾਊਥਗੇਟ, ਉੱਤਰੀ ਲੰਡਨ ਵਿੱਚ ਰਹਿੰਦੇ ਸਨ, ਜਿੱਥੇ 2021 ਵਿੱਚ ਵਾਪਰੀ ਘਟਨਾ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਸੀ। ਪੁਲਸ ਨੇ ਅਰਜਨ ਸਿੰਘ ਵਿੱਜ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਸੀ।’’ ਪੁਲਸ ਅਨੁਸਾਰ ਪੋਸਟਮਾਰਟਮ ਵਿੱਚ ਮੌਤ ਦਾ ਕਾਰਨ ਸਿਰ ਵਿੱਚ ਕਿਸੇ ਚੀਜ਼ ਨਾਲ ਤੇਜ਼ ਵਾਰ ਦੱਸਿਆ ਗਿਆ।‘ਈਵਨਿੰਗ ਸਟੈਂਡਰਡ’ ਅਖ਼ਬਾਰ ਅਨੁਸਾਰ, ਉਨ੍ਹਾਂ ਦਾ ਪੁੱਤਰ ਨੰਗਾ ਸੀ ਅਤੇ ਸ਼ੈਂਪੇਨ ਦੀਆਂ ਲਗਭਗ 100 ਬੋਤਲਾਂ ਨਾਲ ਘਿਰਿਆ ਹੋਇਆ ਸੀ, ਜਿਸ ਵਿੱਚ ਵੀਵੇ ਕਲੀਕੋਟ ਅਤੇ ਬੋਲਿੰਗਰ ਦੀਆਂ ਖੂਨ ਨਾਲ ਭਰੀਆਂ ਬੋਤਲਾਂ ਵੀ ਸ਼ਾਮਲ ਸਨ। ਪੁਲਸ ਜਾਂਚ ਦੌਰਾਨ ਦੋਸ਼ੀ ਨੇ ਕਤਲ ਤੋਂ ਇਨਕਾਰ ਕੀਤਾ ਸੀ ਪਰ ਜਾਂਚ ਦੇ ਦੂਜੇ ਦਿਨ ਉਸ ਨੇ ਦੋਸ਼ ਕਬੂਲ ਕਰਦੇ ਹੋਏ ਕਿਹਾ, ”ਮੈਂ ਬੋਲਿੰਗਰ ਸ਼ੈਂਪੇਨ ਦੀ ਬੋਤਲ ਨਾਲ ਆਪਣੇ ਪਿਤਾ ਦੇ ਸਿਰ ‘ਤੇ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।’
ਦੋਸ਼ੀ ਨੇ ਕਿਹਾ ਕਿ ਉਸ ਦਾ ਆਪਣੇ ਪਿਤਾ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਜਿਊਰੀ ਨੇ ਕੇਸ ਦੇ ਫ਼ੈਸਲੇ ‘ਤੇ ਵਿਚਾਰ ਕਰਨ ਲਈ ਇੱਕ ਦਿਨ ਤੋਂ ਵੀ ਘੱਟ ਸਮਾਂ ਲਿਆ ਅਤੇ ਦੋਸ਼ੀ ਨੂੰ ਕਤਲ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ।