Home » ਜੀ-20 ਸੰਮੇਲਨ ਦੁਨੀਆਂ ਭਰ ‘ਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਪੁਖ਼ਤਾ ਪਲੇਟਫਾਰਮ ਸਾਬਤ ਹੋਵੇਗਾ – ਮੁੱਖ ਮੰਤਰੀ ਮਾਨ…
Home Page News India India News

ਜੀ-20 ਸੰਮੇਲਨ ਦੁਨੀਆਂ ਭਰ ‘ਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਪੁਖ਼ਤਾ ਪਲੇਟਫਾਰਮ ਸਾਬਤ ਹੋਵੇਗਾ – ਮੁੱਖ ਮੰਤਰੀ ਮਾਨ…

Spread the news

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਜਤਾਈ ਕਿ ਜੀ-20 ਸੰਮੇਲਨ ਦੁਨੀਆ ਭਰ ਵਿੱਚ ਅਤੇ ਖ਼ਾਸ ਤੌਰ ਉਤੇ ਸੂਬੇ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਮਾਹਿਰ ਦੇਸ਼ਾਂ ਦੇ ਅਹਿਮ ਸੁਝਾਵਾਂ ਵਾਸਤੇ ਮਜ਼ਬੂਤ ਪਲੇਟਫਾਰਮ ਸਾਬਤ ਹੋਵੇਗਾ, ਜਿਸ ਨਾਲ ਨੌਜਵਾਨਾਂ ਨੂੰ ਵੱਡੇ ਪੱਧਰ ਉਤੇ ਫਾਇਦਾ ਹੋਵੇਗਾ। ਇੱਥੇ ਬੁੱਧਵਾਰ ਨੂੰ ਜੀ-20 ਐਜੁਕੇਸ਼ਨ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ “ਮੇਰਾ ਮੰਨਣਾ ਹੈ ਕਿ ਇਸ ਸੰਮੇਲਨ ਵਿੱਚ ਹੋਣ ਵਾਲਾ ਵਿਚਾਰ-ਵਟਾਂਦਰਾ ਨਾ ਸਿਰਫ਼ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗਾ, ਸਗੋਂ ਇਸ ਨਾਲ ਸੂਬੇ ਦੇ ਨੌਜਵਾਨਾਂ ਦਾ ਵੱਡੇ ਪੱਧਰ ਉਤੇ ਫਾਇਦਾ ਹੋਵੇਗਾ।” ਉਨ੍ਹਾਂ ਉਮੀਦ ਜਤਾਈ ਕਿ ਆਲਮੀ ਅਰਥਚਾਰੇ ਨਾਲ ਸਬੰਧਤ ਵੱਡੇ ਮਸਲਿਆਂ ਨੂੰ ਹੱਲ ਕਰਨ ਲਈ ਜੀ-20 ਦੀਆਂ ਪੁਖ਼ਤਾ ਕੋਸ਼ਿਸ਼ਾਂ ਨਾਲ ਭਾਰਤ ਤੇ ਖ਼ਾਸ ਤੌਰ ਉਤੇ ਪੰਜਾਬ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਮਾਨ ਨੇ ਕੌਮਾਂਤਰੀ ਪੱਧਰ ਉਤੇ ਅਮਨ, ਬਿਹਤਰ ਸਹਿਯੋਗ ਤੇ ਤਾਲਮੇਲ ਲਈ ਜੀ-20 ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।

‘ਗਿਆਨ ਨੂੰ ਮਨੁੱਖੀ ਜੀਵਨ ਦਾ ਆਧਾਰ’ ਦੱਸ ਕੇ ਉਚਿਆਉਣ ਵਾਲੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਉਤੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਮੀਲ ਦਾ ਪੱਥਰ ਸਾਬਤ ਹੋਣ ਵਾਲੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਖੇਤਰ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ‘ਸਿੱਖਿਆ’ ਤੇ ‘ਸਿਹਤ’ ਮਨੁੱਖੀ ਜੀਵਨ ਦਾ ਮੂਲ ਹਨ ਅਤੇ ਸਮਾਜਿਕ ਵਿਕਾਸ ਇਨ੍ਹਾਂ ਦੋਵਾਂ ਅਹਿਮ ਖ਼ੇਤਰਾਂ ਦੀ ਮਜ਼ਬੂਤੀ ਤੇ ਵਿਸਤਾਰ ਉਤੇ ਨਿਰਭਰ ਕਰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਗਾਮੀ ਵਿੱਤੀ ਵਰ੍ਹੇ ਵਿੱਚ ਸਕੂਲ ਤੇ ਉਚੇਰੀ ਸਿੱਖਿਆ ਲਈ 17,072 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ ਐਮੀਨੈਂਸ’ ਵਿੱਚ ਬਦਲਣ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਹਲਾ ਮਿਆਰੀ ‘ਸਕੂਲ ਆਫ ਐਮੀਨੈਂਸ’ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੂਲ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨਗੇ। ਇਨ੍ਹਾਂ ਸਕੂਲਾਂ ਦਾ ਨਿਰਮਾਣ ਸਹਿਯੋਗ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਅਕਾਦਮਿਕ, ਮਨੁੱਖੀ ਸਰੋਤ ਪ੍ਰਬੰਧਨ, ਖੇਡਾਂ ਤੇ ਸਹਿ-ਵਿੱਦਿਅਕ ਗਤੀਵਿਧੀਆਂ ਅਤੇ ਕਮਿਊਨਿਟੀ ਇਨਗੇਜਮੈਂਟ ਦੇ ਪੰਜ ਥੰਮ੍ਹਾਂ ਦੀ ਬੁਨਿਆਦ ਉਤੇ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਸਕੂਲ ਉਚੇਰੀ ਸਿੱਖਿਆ, ਰੋਜ਼ਗਾਰ, ਸਿਖਲਾਈ ਤੇ ਹੋਰ ਖ਼ੇਤਰਾਂ ਲਈ ਹੁਨਰ ਤੇ ਵਿਅਕਤੀਗਤ ਸਮਰੱਥਾ ਨੂੰ ਨਿਖਾਰਨ ਲਈ ਮੌਕੇ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਕੂਲ ਇੰਜਨੀਅਰਿੰਗ, ਲਾਅ, ਕਾਮਰਸ, ਯੂ.ਪੀ.ਐਸ.ਸੀ. ਤੇ ਐਨ.ਡੀ.ਏ. ਸਣੇ ਪੰਜ ਪੇਸ਼ੇਵਰ ਤੇ ਮੁਕਾਬਲੇ ਵਾਲੇ ਕੋਰਸਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਉਤੇ ਧਿਆਨ ਕੇਂਦਰਤ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦਾ ਮਿਆਰ ਚੁੱਕਣ ਲਈ ਵਚਨਬੱਧ ਹੈ।