ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿੱਚ ਧਮਾਕਾ ਇਜ਼ਰਾਈਲ ਨੇ ਨਹੀਂ ਕੀਤਾ ਸੀ। ਬਾਈਡੇਨ ਨੇ ਇੱਕ ਬੈਠਕ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਕਿਹਾ, “ਜੋ ਮੈਂ ਦੇਖਿਆ ਹੈ, ਉਸ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਇਹ ਕੰਮ ਤੁਸੀਂ ਨਹੀਂ, ਸਗੋਂ ਕਿਸੇ ਦੂਜੀ ਟੀਮ ਨੇ ਕੀਤਾ ਹੈ। ਪਰ ਬਾਈਡੇਨ ਨੇ ਕਿਹਾ ਕਿ ਉਥੇ “ਬਹੁਤ ਸਾਰੇ ਲੋਕ” ਸਨ, ਜਿਨ੍ਹਾਂ ਨੂੰ ਨਹੀਂ ਪਤਾ ਹੈ ਕਿ ਧਮਾਕਾ ਕਿਸ ਕਾਰਨ ਹੋਇਆ ਹੈ।”
ਹਮਾਸ ਸ਼ਾਸਿਤ ਗਾਜ਼ਾ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਇਜ਼ਰਾਈਲ ਨੇ ਹਸਪਤਾਲ ‘ਤੇ ਹਵਾਈ ਹਮਲਾ ਕੀਤਾ ਹੈ। ਉਥੇ ਹੀ ਇਜ਼ਰਾਈਲ ਦੀ ਫੌਜ ਨੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਇੱਕ ਹੋਰ ਕੱਟੜਪੰਥੀ ਸਮੂਹ ਫਲਸਤੀਨ ਇਸਲਾਮਿਕ ਜੇਹਾਦ ਵੱਲੋਂ ਦਾਗੇ ਗਏ ਰਾਕੇਟ ਦਾ ਨਿਸ਼ਾਨਾ ਖੁੰਝਣ ਕਾਰਨ ਵਾਪਰੀ ਹੈ। ਹਾਲਾਂਕਿ ਇਸ ਸਮੂਹ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ। ਬਾਈਡੇਨ ਨੇ ਇਜ਼ਰਾਈਲ ਵਿੱਚ ਰੁਕਣ ਤੋਂ ਬਾਅਦ ਜਾਰਡਨ ਜਾਣ ਦੀ ਯੋਜਨਾ ਬਣਾਈ ਸੀ, ਪਰ ਹਸਪਤਾਲ ਵਿੱਚ ਧਮਾਕੇ ਤੋਂ ਬਾਅਦ ਉੱਥੇ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ।