ਦੱਖਣੀ ਅਫਰੀਕਾ ਨੇ 24 ਸਾਲ ਬਾਅਦ ਵਨਡੇ ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਨੂੰ ਹਰਾਇਆ ਹੈ। 1999 ਤੋਂ ਬਾਅਦ ਹੁਣ 2023 ‘ਚ ਟੀਮ ਪੁਣੇ ਦੇ ਮੈਦਾਨ ‘ਤੇ 190 ਦੌੜਾਂ ਨਾਲ ਜੇਤੂ ਰਹੀ। ਇਸ ਦੌਰਾਨ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਲਗਾਤਾਰ 5 ਮੈਚਾਂ ਵਿੱਚ ਹਰਾਇਆ ਸੀ। ਐਮਸੀਏ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਲਈ ਕੁਇੰਟਨ ਡੀ ਕਾਕ ਅਤੇ ਰਾਸੀ ਵੈਨ ਡੇਰ ਡੁਸਨ ਨੇ ਸੈਂਕੜੇ ਜੜੇ। ਜਦੋਂ ਕਿ ਕੇਸ਼ਵ ਮਹਾਰਾਜ ਅਤੇ ਮਾਰਕੋ ਜੈਨਸਨ ਨੇ 3-3 ਵਿਕਟਾਂ ਹਾਸਲ ਕੀਤੀਆਂ।
ਨਿਊਜ਼ੀਲੈਂਡ ‘ਤੇ ਜਿੱਤ ਨਾਲ ਦੱਖਣੀ ਅਫਰੀਕਾ 7 ਮੈਚਾਂ ‘ਚ 6 ਜਿੱਤਾਂ ਨਾਲ 12 ਅੰਕਾਂ ‘ਤੇ ਪਹੁੰਚ ਗਿਆ ਹੈ। ਟੀਮ ਫਿਲਹਾਲ ਅੰਕ ਸੂਚੀ ‘ਚ ਪਹਿਲੇ ਨੰਬਰ ‘ਤੇ ਹੈ। ਉਥੇ ਹੀ 7 ਮੈਚਾਂ ‘ਚ ਲਗਾਤਾਰ ਤੀਜੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਹੁਣ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਆਖਰੀ ਦੋ ਮੈਚ ਜਿੱਤਣੇ ਹੋਣਗੇ। ਜਦੋਂਕਿ ਦੱਖਣੀ ਅਫਰੀਕਾ ਆਖਰੀ ਦੋ ਮੈਚਾਂ ਵਿੱਚੋਂ ਇੱਕ ਜਿੱਤ ਕੇ ਨਾਕਆਊਟ ਲਈ ਕੁਆਲੀਫਾਈ ਕਰ ਲਵੇਗਾ।
ਪੁਣੇ ‘ਚ ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ 50 ਓਵਰਾਂ ‘ਚ 4 ਵਿਕਟਾਂ ‘ਤੇ 357 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 35.3 ਓਵਰਾਂ ਵਿੱਚ 167 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਦਾ ਅਗਲਾ ਮੈਚ ਹੁਣ ਭਾਰਤ ਨਾਲ 5 ਨਵੰਬਰ ਨੂੰ ਹੋਵੇਗਾ। ਨਿਊਜ਼ੀਲੈਂਡ ਆਪਣਾ ਅਗਲਾ ਮੈਚ 4 ਨਵੰਬਰ ਨੂੰ ਪਾਕਿਸਤਾਨ ਨਾਲ ਖੇਡੇਗਾ।