ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਵਾਦਤ ਇੰਟਰਵਿਊ ਖਰੜ ਦੇ ਸੀ. ਆਈ. ਏ. ਸਟਾਫ ’ਚ ਹੋਈ ਸੀ। ਇਹ ਖ਼ੁਲਾਸਾ ਹਾਈ ਕੋਰਟ ਵੱਲੋਂ ਗਠਿਤ ਦੋ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ’ਚ ਹੋਇਆ ਹੈ, ਜੋ ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਹੈ। ਰਿਪੋਰਟ ਅਨੁਸਾਰ ਜਦੋਂ ਲਾਰੈਂਸ ਨੂੰ ਇਕ ਜੇਲ ਤੋਂ ਦੂਜੀ ਜੇਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੂੰ ਖਰੜ ’ਚ ਸੀ. ਆਈ. ਏ. ਸਟਾਫ ’ਚ ਲਿਜਾ ਕੇ ਆਨਲਾਈਨ ਇੰਟਰਵਿਊ ਕਰਵਾਈ ਗਈ ਸੀ, ਜੋ ਟੀ.ਵੀ. ਚੈਨਲ ’ਤੇ ਪ੍ਰਸਾਰਿਤ ਕੀਤੀ ਗਈ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੂਜੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਤੋਂ ਰਿਕਾਰਡ ਕੀਤੀ ਗਈ ਸੀ, ਜਦੋਂ ਲਾਰੈਂਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਜੈਪੁਰ ਲਿਜਾਇਆ ਗਿਆ ਸੀ।
ਇਸ ਮਾਮਲੇ ਤੇ ਵਿਰੋਧੀ ਧਿਰਾ ਵੱਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਕੋਲ ਹੀ ਜੇਲ੍ਹ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਨੈਤਿਕ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਹੈ। ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ‘ਆਪ’ ਸਰਕਾਰ ਨੇ ਇਸ ਗੱਲ ਤੋਂ ਸਖ਼ਤੀ ਨਾਲ ਇਨਕਾਰ ਕੀਤਾ ਸੀ ਕਿ ਬਿਸ਼ਨੋਈ ਦੀ ਟੈਲੀਵਿਜ਼ਨ ਇੰਟਰਵਿਊ ਪੰਜਾਬ ਦੀ ਇੱਕ ਜੇਲ੍ਹ ਵਿੱਚ ਹੋਈ ਸੀ, ਪਰ ਇਸ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੁਆਰਾ ਬਣਾਈ ਗਈ ਇੱਕ ਐਸਆਈਟੀ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਟਰਵਿਊ ਖਰੜ ਪੁਲਿਸ ਸਟੇਸ਼ਨ ਵਿੱਚ ਹੋਈ ਸੀ। ਅਜਿਹਾ ਸਿਰਫ ਸਰਕਾਰ ਦੀ ਸਰਪ੍ਰਸਤੀ ਹੇਠ ਹੀ ਹੋ ਸਕਦਾ ਹੈ ਅਤੇ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਬਿਸ਼ਨੋਈ ਨੂੰ ਸੁਰੱਖਿਆ ਕਿਉਂ ਪ੍ਰਦਾਨ ਕਰ ਰਹੀ ਹੈ ।