ਅਨਾਜ ਦੀ ਢੋਆ-ਢੁਆਈ ਟੈਂਡਰ ਘੁਟਾਲੇ ’ਚ ਮਨੀ ਲਾਂਡਰਿੰਗ ਦੇ ਦੋਸ਼ ’ਚ ਗ੍ਰਿਫ਼ਤਾਰ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ( Bharat Bhushan Ashu )_ਦੇ ਰਿਮਾਂਡ ‘ਚ ਪੰਜ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਸ਼ੂ ਨੂੰ ਵਧੀਕ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ’ਚ ਪੇਸ਼ ਕੀਤਾ। ਜਾਂਚ ਪੂਰੀ ਨਾ ਹੋਣ ਦੀ ਦਲੀਲ ਦਿੰਦਿਆਂ ਈਡੀ ਨੇ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਤੇ ਸੋਨੇ ਦੀਆਂ ਫਰਜ਼ੀ ਐਂਟਰੀਆਂ ਦੀ ਜਾਂਚ ਦਾ ਹਵਾਲਾ ਦਿੱਤਾ। ਇਸ ਦੌਰਾਨ ਬਚਾਅ ਪੱਖ ਦੇ ਵਕੀਲ ਮਨਦੀਪ ਸਚਦੇਵਾ ਨੇ ਆਸ਼ੂ (ashu) ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ। ਅਨਾਜ ਦੀ ਢੋਆ-ਢੁਆਈ ਲਈ 2000 ਕਰੋੜ ਰੁਪਏ ਦੇ ਟੈਂਡਰ ’ਚ ਗੜਬੜੀ ਦੀ ਵਿਜੀਲੈਂਸ ਜਾਂਚ ਦੌਰਾਨ 14 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਜਾਂਚ ਕੀਤੀ ਤਾਂ 18 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ। ਇਸ ਮਾਮਲੇ ’ਚ ਈਡੀ ਨੇ ਸਾਬਕਾ ਮੰਤਰੀ ਦੀ ਪਤਨੀ, ਬੇਟੇ, ਬੇਟੀ, ਭਰਾ, ਭਾਬੀ ਤੇ ਸਾਲੇ ਤੋਂ ਪੁੱਛਗਿੱਛ ਕੀਤੀ। ਈਡੀ ਮੁਤਾਬਕ ਆਸ਼ੂ ਤੋਂ ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਵੀ ਸਵਾਲ ਕੀਤੇ ਜਾਣਗੇ। ਇਸ ਤੋਂ ਪਹਿਲਾਂ ਪੰਜ ਦਿਨ ਦੇ ਰਿਮਾਂਡ ਦੌਰਾਨ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਸੀ, ਜਿਸ ਕਾਰਨ ਈਡੀ ਨੇ ਸੱਤ ਦਿਨ ਹੋਰ ਰਿਮਾਂਡ ਦੀ ਮੰਗ ਕੀਤੀ। ਨਾਨੀ ਦੇ ਬੈਂਕ ਖਾਤੇ ’ਚੋਂ ਦੋਹਤੇ ਦੋਹਤੀ, ਆਸ਼ੂ ਦੀ ਭਾਬੀ ਦੇ ਖਾਤੇ ’ਚ ਲੱਖਾਂ ਰੁਪਏ ਜਮ੍ਹਾ ਕਰਵਾਉਣ, ਸਾਬਕਾ ਮੰਤਰੀ ਦੇ ਘਰ ਛਾਪੇਮਾਰੀ ਦੌਰਾਨ ਮਿਲੇ ਸੋਨੇ ਦੀਆਂ ਗਿੰਨੀਆਂ ਤੇ 34 ਲੱਖ ਰੁਪਏ ਦੀ ਨਕਦੀ ਵਰਗੇ ਸਵਾਲਾਂ ’ਤੇ ਪੁੱਛਗਿੱਛ ਜਾਰੀ ਹੈ। ਬਚਾਅ ਪੱਖ ਦੇ ਵਕੀਲ ਮਨਦੀਪ ਸਚਦੇਵਾ ਨੇ ਕਿਹਾ ਕਿ ਆਸ਼ੂ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਜੇਲ੍ਹ ਜਾ ਚੁੱਕੇ ਹਨ। ਜ਼ਮਾਨਤ ਤੋਂ ਬਾਅਦ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਈਡੀ ਨੇ ਜਾਂਚ ਦੇ ਨਾਂ ’ਤੇ ਉਸ ਨੂੰ ਮੁੜ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲੈ ਲਿਆ, ਜੋ ਜਾਇਜ਼ ਨਹੀਂ ਹੈ। ਇਕ ਵਾਰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਆਸ਼ੂ ਨੂੰ ਉਸੇ ਕੇਸ ’ਚ ਦੁਬਾਰਾ ਰਿਮਾਂਡ ’ਤੇ ਲੈਣਾ ਕਾਨੂੰਨਨ ਸਹੀ ਨਹੀਂ ਹੈ। ਬਚਾਅ ਪੱਖ ਨੇ ਅਦਾਲਤ ਨੂੰ ਇਹ ਕਹਿ ਕੇ ਰਿਮਾਂਡ ਦੀ ਅਪੀਲ ਰੱਦ ਕਰਨ ਲਈ ਕਿਹਾ ਕਿ ਉਨ੍ਹਾਂ ਦਾ ਰਿਮਾਂਡ ਜਾਇਜ਼ ਨਹੀਂ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਸ਼ੂ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਭੇਜਿਆ।