ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਵਿਦੇਸ਼ ’ਚ ਬੈਠੇ ਅਰਸ਼ਦੀਪ ਸਿੰਘ ਡੱਲਾ ’ਤੇ ਯੂਏਪੀਏ (ਗ਼ੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ) ਲੱਗ ਗਿਆ ਹੈ। ਇਹ ਕਾਰਵਾਈ ਫ਼ਰੀਦਕੋਟ ਪੁਲਿਸ ਨੇ ਪੰਥਕ ਜਥੇਬੰਦੀਆਂ ਨਾਲ ਸਬੰਧਤ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਕੀਤੀ ਹੈ। ਹੱਤਿਆ ਦੇ ਇਸ ਮਾਮਲੇ ’ਚ ਯੂਏਪੀਏ ਲਗਾਉਣ ਦੇ ਮਾਮਲੇ ’ਚ ਐੱਸਆਈਟੀ ਨੇ ਫ਼ਰੀਦਕੋਟ ਦੀ ਅਦਾਲਤ ’ਚ ਲਿਖਤੀ ਰੂਪ ’ਚ ਇਹ ਜਾਣਕਾਰੀ ਦਿੱਤੀ ਹੈ। ਯੂਏਪੀਏ ਲੱਗਣ ਤੋਂ ਬਾਅਦ ਪਹਿਲਾਂ ਤੋਂ ਹੀ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਤਹਿਤ ਡਿਬਰੂਗੜ੍ਹ ਦੀ ਜੇਲ੍ਹ ’ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਗੁਰਪ੍ਰੀਤ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸੀ ਤੇ ਉਸ ਦੀ ਜਥੇਬੰਦੀ ਵਾਲਿਸ ਪੰਜਾਬ ਦੇ ਦਾ ਮੈਂਬਰ ਸੀ। ਉਸ ਦੀ 9 ਅਕਤੂਬਰ 2024 ਨੂੰ ਪਿੰਡ ’ਚ ਹੀ ਮੋਟਰਸਾਈਕਲ ਸਵਾਲ ਸ਼ੂਟਰਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਹੱਤਿਆਕਾਂਡ ਨੂੰ ਅੰਜਾਮ ਦੇਣ ’ਚ ਸੰਸਦ ਮੈਂਬਰ ਅੰਮ੍ਰਿਤਪਾਲ ਤੋਂ ਇਲਾਵਾ ਅੱਤਵਾਦੀ ਅਰਸ਼ ਡੱਲਾ ਦੀ ਭੂਮਿਕਾ ਸੀ। ਇਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਤੇ ਅਰਸ਼ ਡੱਲਾ ਨੂੰ ਕੇਸ ’ਚ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਸੀ। ਇਸ ਕੇਸ ’ਚ ਹੱਤਿਆ ਕਰਨ ਵਾਲੇ ਦੋ ਸ਼ੂਟਰ, ਰੇਕੀ ਕਰਨ ਵਾਲੇ ਤਿੰਨ ਮਲੂਜ਼ਮਾਂ ਸਮੇਤ ਛੇ ਮੁਲਜ਼ਮ ਫੜੇ ਜਾ ਚੁੱਕੇ ਹਨ। ਸਾਰੇ ਜੇਲ੍ਹਾਂ ’ਚ ਹਨ। ਇਸ ਮਾਮਲੇ ’ਚ ਪਿਛਲੇ ਸਾਲ 23 ਅਕਤੂਬਰ ਨੂੰ ਕੋਟਕਪੂਰਾ ਪੁਲਿਸ ਨੇ ਐੱਫਆਈਆਰ ’ਚ ਬੀਐੱਨਐੱਸ ਦੀ ਧਾਰਾ 111 (ਸੰਗਠਿਤ ਅਪਰਾਧ) ਜੋੜੀ ਸੀ। ਹੁਣ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਯੂਏਪੀਏ ਵੀ ਲਗਾ ਦਿੱਤਾ ਹੈ।
Add Comment