ਘੇਰਾਬੰਦੀ ਦੌਰਾਨ ਪੁਲਿਸ ’ਤੇ ਫਾਇਰਿੰਗ ਕਰਨ ਵਾਲੇ ਲੰਡਾ ਗਿਰੋਹ ਦਾ ਗੁਰਗਾ ਮੁਕਾਬਲੇ ਦੌਰਾਨ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ .32 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਕਰਕੇ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹਸਪਤਾਲ ਦਾਖਲ ਕਰਵਾ ਦਿੱਤਾ ਹੈ।
ਕਾਬਲੇਗੌਰ ਹੈ ਕਿ ਲੰਡਾ ਗਿਰੋਹ ਦੇ ਗੁਰਗੇ ਸੁਮਿਤ ਨੇ ਕੁਝ ਦਿਨ ਪਹਿਲਾਂ ਗੈਂਗਸਟਰ ਪੁਨੀਤ ਬੈਂਸ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਈਆਂ ਸਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਲੁਧਿਆਣਾ ਦੇ ਡਵੀਜ਼ਨ ਨੰਬਰ 2 ਦੇ ਅਧੀਨ ਆਉਂਦੇ ਇਲਾਕੇ ਵਿਜੇ ਨਗਰ ਵਿੱਚ ਗੈਂਗਸਟਰ ਪੁਨੀਤ ਬੈਂਸ ਦੀ ਭੈਣ ਅਤੇ ਮਾਤਾ ਰਹਿੰਦੀ ਹੈ। ਪੁਨੀਤ ਬੈਂਸ ਦੀ ਭੈਣ ਹਿਨਾ ਨੇ 20 ਅਪ੍ਰੈਲ ਨੂੰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਛੇ ਵਿਅਕਤੀਆਂ ਨੇ ਉਸ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਈਆਂ। ਲੜਕੀ ਮੁਤਾਬਕ ਫਾਇਰਿੰਗ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ 20 ਅਪ੍ਰੈਲ ਨੂੰ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਪੁਲਿਸ ਨੇ ਲਵਕੁਸ਼ ਅਤੇ ਵੰਸ਼ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਇੱਕ ਹੋਰ ਮੁਲਜ਼ਮ ਅਕਸ਼ੇ ਨੂੰ ਵੀ ਹਿਰਾਸਤ ਵਿੱਚ ਲਿਆ। ਕਾਬੂ ਕੀਤੇ ਗਏ ਮੁਲਜ਼ਮ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਪਹਿਲਾਂ ਤੋਂ ਹੀ ਸ਼ਾਮਲ ਸਨ।
ਸੂਚਨਾ ਮਿਲਣ ਤੋਂ ਬਾਅਦ ਸੁਮਿਤ ਦੀ ਕੀਤੀ ਘੇਰਾਬੰਦੀ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਨੀਤ ਬੈਂਸ ਤੇ ਘਰ ਦੇ ਬਾਹਰ ਗੋਲ਼ੀਆਂ ਚਲਾਉਣ ਦੇ ਮਾਮਲੇ ਵਿੱਚ ਮੁਲਜ਼ਮ ਸੁਮਿਤ ਫ਼ਰਾਰ ਚੱਲ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਪਿੰਡ ਸਾਹਬਾਣਾ ਭੂੰਦੜੀ ਰੋਡ ’ਤੇ ਮੌਜੂਦ ਹੈ। ਪੁਲਿਸ ਨੇ ਸਾਈਕਲ ਵੈਲੀ ਰੋਡ ਜਮਾਲਪੁਰ ਵਿੱਚ ਘੇਰਾਬੰਦੀ ਕੀਤੀ। ਖੁਦ ਨੂੰ ਘਿਰਿਆ ਦੇਖ ਮੁਲਜ਼ਮ ਨੇ ਪੁਲਿਸ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਨੇ ਪੁਲਿਸ ਉੱਪਰ 4 ਗੋਲ਼ੀਆਂ ਚਲਾਈਆਂ। ਜਵਾਬੀ ਫਾਇਰਿੰਗ ਵਿੱਚ ਮੁਲਜ਼ਮ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਪੁਆਇੰਟ 32 ਬੋਰ ਦੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ।
Add Comment