ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਦਿਆਲਪੁਰ ਨੇੜੇ ਬੁੱਧਵਾਰ ਤੜਕੇ ਕਰੀਬ ਚਾਰ ਵਜੇ ਸਰੀਏ ਨਾਲ ਲੱਦੇ ਟਰਾਲੇ ਦੇ ਬ੍ਰੇਕ ਲਗਾਉਣ ਕਾਰਨ ਪਿਛੇ ਆ ਰਹੀ ਬਲੈਨੋ ਕਾਰ ਉਸ ਨਾਲ ਟਕਰਾ ਗਈ। ਇਸ ਨਾਲ ਸਰੀਆ ਕਾਰ ਦੇ ਸ਼ੀਸ਼ੇ ਤੋੜ ਕੇ ਅੱਗੇ ਬੈਠੇ ਦੋ ਨੌਜਵਾਨਾਂ ਦੇ ਸਰੀਰਾਂ ’ਤੇ ਆਰ-ਪਾਰ ਹੋ ਗਿਆ ਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ’ਚ ਪਿਛੇ ਬੈਠੇ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਪੰਜੇ ਦੋਸਤ ਕਾਰ ਰਾਹੀਂ ਅੰਮ੍ਰਿਤਸਰ ਜਾ ਰਹੇ ਸਨ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਡਰਾਈਵਰ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ।ਜਾਣਕਾਰੀ ਮੁਤਾਬਕ 16 ਟਾਇਰਾਂ ਵਾਲਾ ਟਰਾਲਾ (ਪੀਬੀ-13ਵੀ-7311) ਮੰਡੀ ਗੋਬਿੰਦਗੜ੍ਹ ਤੋਂ ਸਰੀਆ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ। ਟਰਾਲੇ ’ਚ ਸਰੀਆ ਕਾਫ਼ੀ ਬਾਹਰ ਤੱਕ ਲੱਦਿਆ ਹੋਇਆ ਸੀ। ਉਸ ਦੇ ਪਿੱਛੇ ਚੱਲ ਰਹੀ ਨੀਲੇ ਰੰਗ ਦੀ ਬਲੈਨੋ ਕਾਰ (ਐੱਚਆਰ-14ਟੀ-1034) ’ਚ ਸਵਾਰ ਅੰਮ੍ਰਿਤਸਰ ਦੇ ਪੰਜ ਨੌਜਵਾਨ ਜਲੰਧਰ ’ਚ ਕਿਸੇ ਧਾਰਮਿਕ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਪਰਤ ਰਹੇ ਸਨ। ਤੜਕੇ ਚਾਰ ਵਜੇ ਦੇ ਕਰੀਬ ਜਦੋਂ ਉਨ੍ਹਾਂ ਦੀ ਕਾਰ ਕਰਤਾਰਪੁਰ ਲੰਘਣ ਤੋਂ ਬਾਅਦ ਦਿਆਲਪੁਰ ਸਥਿਤ ਆਪਣਾ ਫਾਰਮ ਨੇੜੇ ਪੁੱਜੀ ਤਾਂ ਅੱਗੇ ਜਾ ਰਹੇ ਟਰਾਲੇ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਟਰਾਲੇ ’ਚ ਲੱਦਿਆ ਸਰੀਆ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਜਾ ਵੜਿਆ।ਹਾਦਸੇ ’ਚ ਕਾਰ ਚਲਾ ਰਹੇ 22 ਸਾਲਾ ਚਾਂਦ, ਵਾਸੀ ਏਕਤਾ ਨਗਰ ਅੰਮ੍ਰਿਤਸਰ ਤੇ ਨਿਖਿਲ, ਵਾਸੀ ਸੰਧੂ ਕਾਲੋਨੀ ਅੰਮ੍ਰਿਤਸਰ ਦੀ ਮੌਤ ਹੋ ਗਈ। ਪਿਛਲੀ ਸੀਟ ’ਤੇ ਬੈਠੇ ਸ਼ੁਭਮ, ਅਮਰੀਕ ਕੋਹਲੀ, ਤੇ ਰੁਦਰ ਮਹਾਜਨ ਜ਼ਖ਼ਮੀ ਹੋ ਗਏ। ਥਾਣਾ ਕਰਤਾਰਪੁਰ ਦੀ ਪੁਲਿਸ ਨੇ ਮ੍ਰਿਤਕ ਚਾਂਦ ਦੇ ਪਿਤਾ ਅਨਿਲ ਕੁਮਾਰ ਦੇ ਬਿਆਨਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਰਮਨਦੀਪ ਸਿੰਘ ਤੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਾਂਦ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੇ ਪਿਤਾ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਤੋਂ ਇਲਾਵਾ ਇਕ ਧੀ ਹੈ। ਅੱਜ ਉਨ੍ਹਾਂ ਦੇ ਪੁੱਤਰ ਦੀ ਇਸ ਹਾਦਸੇ ’ਚ ਮੌਤ ਹੋ ਗਈ। ਚਾਂਦ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਦਾ ਸੀ।
ਟਰਾਲੇ ਦੇ ਪਿੱਛੇ ਟਕਰਾਈ ਕਾਰ, ਦੋ ਨੌਜਵਾਨਾਂ ਦੇ ਆਰ-ਪਾਰ ਹੋਇਆ ਸਰੀਆ; ਦੋਵਾਂ ਦੀ ਮੌਤ












