ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ਰਜ਼ੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਮਾਮਲੇ ਵਿਚ ਮੋਹਾਲੀ ਸਥਿਤ ਸਟੇਟ ਸਾਈਬਰ ਕ੍ਰਾਈਮ ਥਾਣੇ ਵਿਚ ਵੱਡੀਆਂ ਅਤੇ ਗੰਭੀਰ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਕੀਤੀ ਗਈ, ਜਿਨ੍ਹਾਂ ਨੇ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਦੀ ਰਿਪੋਰਟ ਦੇ ਆਧਾਰ ‘ਤੇ ਇਹ ਮਾਮਲਾ ਦਰਜ ਕਰਵਾਇਆ।ਸ਼ਿਕਾਇਤ ਅਨੁਸਾਰ, ਮੁਲਜ਼ਮ ਜਗਮਨ ਸਮਰਾ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਮੁੱਖ ਮੰਤਰੀ ਦੀ ਸ਼ਖ਼ਸੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸੱਤ ਵੀਡੀਓ ਪੋਸਟ ਕੀਤੀਆਂ। ਇਨ੍ਹਾਂ ਵਿਚੋਂ ਪਹਿਲੀ ਪੋਸਟ ਸੋਮਵਾਰ ਰਾਤ 2 ਵਜੇ ਅਤੇ ਦੂਜੀ ਮੰਗਲਵਾਰ ਸਵੇਰੇ 7 ਵਜੇ ਅਪਲੋਡ ਕੀਤੀ ਗਈ। ਮੁਲਜ਼ਮ ਨੇ ਇਨ੍ਹਾਂ ਵੀਡੀਓਜ਼ ਦੇ ਨਾਲ ਲਿਖਿਆ ਕਿ ਇਹ ਤਾਂ ਸਿਰਫ਼ ‘ਟਰੇਲਰ’ ਹੈ ਅਤੇ ਅਜਿਹੀਆਂ ਕਈ ਵੀਡੀਓਜ਼ ਹਨ। ਉਸ ਨੇ ਚੁਣੌਤੀ ਦਿੰਦੇ ਹੋਏ ਇਹ ਵੀ ਲਿਖਿਆ ਕਿ ਜਿਹੜਾ ਵਿਅਕਤੀ ਇਹ ਸਾਬਤ ਕਰ ਦੇਵੇਗਾ ਕਿ ਇਹ ਵੀਡੀਓਜ਼ ‘ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਇਕ ਮਿਲੀਅਨ ਡਾਲਰ ਦਾ ਇਨਾਮ ਮਿਲੇਗਾ। ਮੁੱਢਲੀ ਜਾਂਚ ਵਿਚ ਇਹ ਸੰਕੇਤ ਮਿਲੇ ਹਨ ਕਿ ਵੀਡੀਓਜ਼ ਏਆਈ ਤਕਨੀਕ ਰਾਹੀਂ ਤਿਆਰ ਕੀਤੀਆਂ ਗਈਆਂ ਹੋ ਸਕਦੀਆਂ ਹਨ।ਪੁਲਿਸ ਮੁਤਾਬਕ, ਇਨ੍ਹਾਂ ਵੀਡੀਓਜ਼ ਦਾ ਉਦੇਸ਼ ਲੋਕਾਂ ਵਿਚ ਨਫ਼ਰਤ ਫੈਲਾਉਣਾ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨਾ ਹੈ। ਇਨ੍ਹਾਂ ਵਿਚਲਾ ਕੰਟੈਂਟ ਅਸ਼ਲੀਲ, ਭੜਕਾਊ ਅਤੇ ਕਾਨੂੰਨ ਦੇ ਵਿਰੁੱਧ ਹੈ, ਜਿਸ ਨਾਲ ਸੂਬੇ ਵਿਚ ਅਸ਼ਾਂਤੀ ਫੈਲਣ ਦਾ ਖ਼ਤਰਾ ਹੈ। ਜਗਮਨ ਸਮਰਾ ਨੇ ਇਕ ਹੋਰ ਪੋਸਟ ਵਿਚ ਦਾਅਵਾ ਕੀਤਾ ਕਿ ਮੁੱਖ ਮੰਤਰੀ ਮੁੰਬਈ ਦੇ ਇਕ ਹੋਟਲ ਵਿਚ ਰੂਸੀ ਔਰਤਾਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕਰ ਰਹੇ ਸਨ। ਨਾਲ ਹੀ, ਉਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੀਡੀਓ ‘ਤੇ ਟਿੱਪਣੀ ਕਰਦੇ ਹੋਏ ਉਸ ਨੂੰ ਨਕਲੀ ਸਾਬਤ ਕਰਨ ਵਾਲੇ ਨੂੰ ਪੰਜ ਕਰੋੜ ਰੁਪਏ ਦਾ ਇਨਾਮ ਦੇਣ ਦੀ ਗੱਲ ਕਹੀ।
ਦੋ ਸੋਸ਼ਲ ਮੀਡੀਆ ਅਕਾਊਂਟ :
ਜਗਮਨ ਸਮਰਾ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਦੋ ਅਕਾਊਂਟ ਸਰਗਰਮ ਹਨ। ਇਕ ਅਕਾਊਂਟ ’ਚ ਉਸ ਨੇ ਖ਼ੁਦ ਨੂੰ ਡਬਲ ਐੱਫਐੱਫ ਸਟੋਰ ਦਾ ਮਾਲਕ ਅਤੇ ਸੀਈਓ ਦੱਸਿਆ ਹੈ ਅਤੇ ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਤੋਂ ਅੰਗਰੇਜ਼ੀ ਵਿਚ ਐੱਮਏ ਕਰਨ ਦੀ ਜਾਣਕਾਰੀ ਦਿੱਤੀ ਹੈ। ਦੂਜੇ ਅਕਾਊਂਟ ਵਿਚ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਦਾ ਦਾਅਵਾ ਕੀਤਾ ਹੈ ਅਤੇ ਖ਼ੁਦ ਨੂੰ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦਾ ਵਸਨੀਕ ਦੱਸਿਆ ਹੈ। ਦੋਵਾਂ ਅਕਾਊਂਟਸ ‘ਤੇ ਕ੍ਰਮਵਾਰ 33 ਹਜ਼ਾਰ ਅਤੇ 32 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ 2023 ਦੀਆਂ ਧਾਰਾਵਾਂ 340(2), 353(1), 353(2), 351(2), 336(4) ਅਤੇ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 67 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਹੁਣ ਡਿਜੀਟਲ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।













