Home » ਅਮਰੀਕਾ ’ਚ ਲੱਖਾਂ ਭਾਰਤੀਆਂ ਦੀ ਨੌਕਰੀ ’ਤੇ ਖ਼ਤਰਾ, ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਗ਼ੈਰ-ਪਰਵਾਸੀ ਕਾਮਿਆਂ ਲਈ ਬਦਲੇ ਵਰਕ ਪਰਮਿਟ ਦੇ ਨਿਯਮ…
Home Page News India World World News

ਅਮਰੀਕਾ ’ਚ ਲੱਖਾਂ ਭਾਰਤੀਆਂ ਦੀ ਨੌਕਰੀ ’ਤੇ ਖ਼ਤਰਾ, ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਗ਼ੈਰ-ਪਰਵਾਸੀ ਕਾਮਿਆਂ ਲਈ ਬਦਲੇ ਵਰਕ ਪਰਮਿਟ ਦੇ ਨਿਯਮ…

Spread the news


ਅਮਰੀਕਾ ’ਚ ਲੱਖਾਂ ਭਾਰਤੀਆਂ ਦੀ ਨੌਕਰੀ ’ਤੇ ਖ਼ਤਰਾ ਮੰਡਰਾਉਣ ਲੱਗਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਵਰਕ ਪਰਮਿਟ ਦੇ ਨਿਯਮ ਬਦਲ ਦਿੱਤੇ ਹਨ। ਸਰਕਾਰ ਨੇ ਵਿਦੇਸ਼ੀ ਗ਼ੈਰ-ਪਰਵਾਸੀ ਕਾਮਿਆਂ ਲਈ ਵਰਕ ਪਰਮਿਟ ਦੇ ਆਪਣੇ ਆਪ ਵਿਸਥਾਰ ਨੂੰ ਖ਼ਤਮ ਕਰ ਦਿੱਤਾ ਹੈ। ਨਵੇਂ ਐੱਚ-1ਬੀ ਵੀਜ਼ੇ ’ਤੇ ਇਕ ਲੱਖ ਡਾਲਰ ਫੀਸ ਲਾਏ ਜਾਣ ਤੋਂ ਬਾਅਦ ਇਹ ਨਵਾਂ ਕਦਮ ਚੁੱਕਿਆ ਗਿਆ ਹੈ। ਵਰਕ ਪਰਮਿਟ ਨਿਯਮ ’ਚ ਇਸ ਤਬਦੀਲੀ ਨਾਲ ਭਾਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਜਨਗਣਨਾ ਬਿਊਰੋ ਦੇ ਅੰਕੜਿਆਂ ਮੁਤਾਬਕ, 2022 ਤੱਕ ਅਮਰੀਕਾ ’ਚ ਲਗਪਗ 48 ਲੱਖ ਭਾਰਤੀ ਅਮਰੀਕੀ ਰਹਿੰਦੇ ਸਨ। ਇਨ੍ਹਾਂ ’ਚ 66 ਫ਼ੀਸਦੀ ਭਾਰਤੀ ਅਮਰੀਕੀ ਪਰਵਾਸੀ ਹਨ, ਜਦਕਿ 34 ਫ਼ੀਸਦੀ ਅਮਰੀਕਾ ’ਚ ਜਨਮੇ ਹਨ।ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਦੇ ਡਾਇਰੈਕਟਰ ਜੋਸਫ ਏਡਲੋ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਵਿਦੇਸ਼ੀਆਂ ਦੀ ਸਖ਼ਤ ਜਾਂਚ-ਪੜਤਾਲ ’ਤੇ ਨਵੇਂ ਸਿਰੇ ਤੋਂ ਜ਼ੋਰ ਦੇ ਰਿਹਾ ਹੈ, ਤੇ ਪਿਛਲੀ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਨੂੰ ਖ਼ਤਮ ਕਰ ਰਿਹਾ ਹੈ ਜਿਨ੍ਹਾਂ ’ਚ ਅਮਰੀਕੀਆਂ ਦੀ ਸੁਰੱਖਿਆ ਤੇ ਸਰਪ੍ਰਸਤੀ ਤੋਂ ਜ਼ਿਆਦਾ ਵਿਦੇਸ਼ੀਆਂ ਦੀ ਸਹੂਲਤ ਨੂੰ ਤਰਜੀਹ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵਿਦੇਸ਼ੀ ਦੇ ਰੁਜ਼ਗਾਰ ਅਧਿਕਾਰ ਜਾਂ ਦਸਤਾਵੇਜ਼ਾਂ ਦਾ ਸਮਾਂ ਵਧਾਉਣ ਤੋਂ ਪਹਿਲਾਂ ਵਾਜਬ ਜਾਂਚ-ਪੜਤਾਲ ਯਕੀਨੀ ਬਣਾਉਣਾ ਇਕ ਵਿਵਹਾਰਕ ਉਪਾਅ ਹੈ। ਸਾਰੇ ਵਿਦੇਸ਼ੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ ’ਚ ਕੰਮ ਕਰਨਾ ਇਕ ਵਿਸ਼ੇਸ਼ ਅਧਿਕਾਰ ਹੈ, ਅਧਿਕਾਰ ਨਹੀਂ।’’
ਨਵੇਂ ਵਰਕ ਪਰਮਿਟ ਨਿਯਮ ਵੀਰਵਾਰ ਤੋਂ ਹੋ ਗਏ ਲਾਗੂ

ਟਰੰਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਦੇ ਸ਼ਾਸਨ ਦੇ ਇਕ ਨੀਤੀਗਤ ਫ਼ੈਸਲੇ ਨੂੰ ਵਾਪਸ ਲੈਂਦੇ ਹੋਏ ਹੁਣ ਵਰਕ ਪਰਮਿਟ ਦੇ ਵਿਸਥਾਰ ਦੀ ਮੰਗ ਕਰਨ ਵਾਲੇ ਵਿਦੇਸ਼ੀ ਗ਼ੈਰ-ਪਰਵਾਸੀ ਵੀਜ਼ਾ ਧਾਰਕਾਂ ਲਈ ਪੁਨਰ-ਮੁਲਾਂਕਣ ਜ਼ਰੂਰੀ ਕਰ ਦਿੱਤਾ ਹੈ। ਕੁਝ ਵਰਗਾਂ ਦੇ ਵਿਦੇਸ਼ੀ ਕਾਮਿਆਂ ਲਈ ਰੁਜ਼ਗਾਰ ਅਧਿਕਾਰ ਦਸਤਾਵੇਜ਼ (ਈਏਡੀ) ਦੀ ਜਾਇਜ਼ਤਾ ਨੂੰ ਆਪਣੇ ਆਪ ਵਧਾਉਣ ਦੀ ਰਵਾਇਤ ਨੂੰ ਖ਼ਤਮ ਕਰਨ ਵਾਲੇ ਨਵੇਂ ਨਿਯਮ ਵੀਰਵਾਰ ਤੋਂ ਲਾਗੂ ਹੋ ਗਏ। ਗ੍ਰਿਹ ਸੁਰੱਖਿਆ ਵਿਭਾਗ ਨੇ ਵੀਰਵਾਰ ਨੂੰ ਨਵੀਨੀਕਰਨ ਅਰਜ਼ੀਆਂ ਦਾਖ਼ਲ ਕਰਨ ਵਾਲੇ ਵਿਦੇਸ਼ੀਆਂ ਲਈ ਈਏਡੀ ਦਾ ਸਮਾਂ ਆਪਣੇ-ਆਪ ਵਧਾਉਣ ਦੀ ਵਿਵਸਥਾ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਵਿਭਾਗ ਨੇ ਕਿਹਾ ਕਿ ਇਸ ਕਦਮ ਦਾ ਟੀਚਾ ਵਿਦੇਸ਼ੀਆਂ ਦੇ ਰੁਜ਼ਗਾਰ ਅਧਿਕਾਰ ਦੀ ਜਾਇਜ਼ਤਾ ਵਧਾਉਣ ਤੋਂ ਪਹਿਲਾਂ ਉਨ੍ਹਾਂ ਦੀ ਵਾਜਬ ਜਾਂਚ-ਪੜਤਾਲ ਕਰਨਾ ਹੈ। ਇਹ ਨਿਯਮ 30 ਅਕਤੂਬਰ ਤੋਂ ਆਪਣੇ ਆਪ ਵਧਾਏ ਗਏ ਈਏਡੀ ’ਤੇ ਲਾਗੂ ਨਹੀਂ ਹੋਵੇਗਾ।

ਪਹਿਲਾਂ ਆਪਣੇ ਆਪ 540 ਦਿਨਾਂ ਦਾ ਮਿਲਦਾ ਸੀ ਵਿਸਥਾਰ

ਮਈ, 2022 ’ਚ ਬਾਇਡਨ ਪ੍ਰਸ਼ਾਸਨ ਨੇ ਉਨ੍ਹਾਂ ਨਿਯਮਾਂ ’ਚ ਸੋਧ ਕੀਤੀ ਸੀ ਜਿਨ੍ਹਾਂ ਦੇ ਤਹਿਤ ਬਿਨੈਕਾਰਾਂ ਵੱਲੋਂ ਰੁਜ਼ਗਾਰ ਅਧਿਕਾਰ ਦੇ ਨਵੀਨੀਕਰਨ ਲਈ ਨਵੀਆਂ ਅਰਜ਼ੀਆਂ ਦਾਖ਼ਲ ਕਰਨ ’ਤੇ ਬਿਨਾਂ ਕਿਸੇ ਵੈਰੀਫਿਕੇਸ਼ਨ ਪ੍ਰਕਿਰਿਆ ਦੇ ਈਏਡੀ ਨੂੰ ਆਪਣੇ-ਆਪ-540 ਦਿਨਾਂ ਦਾ ਵਿਸਥਾਰ ਪ੍ਰਦਾਨ ਕੀਤਾ ਜਾਂਦਾ ਸੀ। ਬਿਨਾਂ ਕਿਸੇ ਵੈਰੀਫਿਕੇਸ਼ਨ ਪ੍ਰਕਿਰਿਆ ਦੇ ਵਿਸਥਾਰ ਦੇਣ ਦਾ ਫ਼ੈਸਲਾ ਉਸ ਸਮੇਂ ਦੌਰਾਨ ਵਰਕ ਪਰਮਿਟ ਪ੍ਰਦਾਨ ਕਰਨ ਦੀਆਂ 15 ਲੱਖ ਪੈਂਡਿੰਗ ਅਰਜ਼ੀਆਂ ਨੂੰ ਦੇਖਦੇ ਹੋਏ ਲਿਆ ਗਿਆ ਸੀ ਕਿਉਂਕਿ ਅਜਿਹਾ ਸ਼ੱਕ ਸੀ ਕਿ ਇਨ੍ਹਾਂ ਅਰਜ਼ੀਆਂ ’ਤੇ ਕਾਰਵਾਈ ਕਰਨ ’ਚ ਦੇਰੀ ਨਾਲ ਬੇਰੁਜ਼ਗਾਰੀ ਵਧ ਸਕਦੀ ਹੈ।

ਕੀ ਹੁੰਦਾ ਹੈ ਰੁਜ਼ਗਾਰ ਅਧਿਕਾਰ

ਰੁਜ਼ਗਾਰ ਅਧਿਕਾਰ ਦਸਤਾਵੇਜ਼ ਇਕ ਕਾਨੂੰਨੀ ਕਾਰਡ ਹੈ ਜੋ ਅਮਰੀਕਾ ’ਚ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਕਾਨੂੰਨੀ ਰੂਪ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਕੋਲ ਸਥਾਈ ਨਿਵਾਸ ਦਾ ਦਰਜਾ ਜਾਂ ਗ੍ਰੀਨ ਕਾਰਡ ਨਹੀਂ ਹੈ, ਤੇ ਇਹ ਉਨ੍ਹਾਂ ਦੇ ਰੁਜ਼ਗਾਰ ਅਧਿਕਾਰ ਦਾ ਸਬੂਤ ਹੁੰਦਾ ਹੈ। ਇਸ ਕਾਰਡ ਲਈ ਅਰਜ਼ੀ ਦੇਣ ਲਈ ਇਮੀਗ੍ਰੇਸ਼ਨ ਸਥਿਤੀ ਸਮੇਤ ਵੱਖ-ਵੱਖ ਕਾਰਕਾਂ ਦੇ ਆਧਾਰ ’ਤੇ ਯੋਗਤਾ ਤੈਅ ਹੁੰਦੀ ਹੈ। ਵਿਸ਼ੇਸ਼ ਵਰਗਾਂ ਦੇ ਗ਼ੈਰ-ਪਰਵਾਸੀ ਵੀਜ਼ਾ ਧਾਰਕਾਂ ਨੂੰ ਅਮਰੀਕਾ ’ਚ ਅਸਥਾਈ ਰੂਪ ਨਾਲ ਕੰਮ ਕਰਨ ਲਈ ਰੁਜ਼ਗਾਰ ਅਧਿਕਾਰ ਦਸਤਾਵੇਜ਼ ਜਾਂ ਈਏਡੀ ਦੀ ਲੋੜ ਪੈਂਦੀ ਹੈ। ਈਏਡੀ ਇਸ ਗੱਲ ਦਾ ਸਬੂਤ ਹੈ ਕਿ ਇਕ ਗ਼ੈਰ-ਪਰਵਾਸੀ ਵਿਦੇਸ਼ੀ ਮੁਲਾਜ਼ਮ ਨੂੰ ਇਕ ਵਿਸ਼ੇਸ਼ ਸਮੇਂ ਲਈ ਦੇਸ਼ ’ਚ ਕੰਮ ਕਰਨ ਦੀ ਇਜਾਜ਼ਤ ਹੈ। ਈਏਡੀ ਦੀ ਜਾਇਜ਼ਤਾ ਆਮ ਤੌਰ ’ਤੇ ਇਕ ਤੋਂ ਦੋ ਸਾਲ ਤੱਕ ਹੁੰਦੀ ਹੈ ਪਰ ਕੁਝ ਵਰਗਾਂ ਲਈ ਇਸ ਨੂੰ ਪੰਜ ਸਾਲ ਲਈ ਵੀ ਪ੍ਰਦਾਨ ਕੀਤਾ ਜਾ ਸਕਦਾ ਹੈ।