Home » ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਜੇ ਸ਼ਾਈਨ ਜਵੈਲਰੀ ਸ਼ੋਅਰੂਮ ‘ਚ ਹੋਈ ਕਰੋੜਾਂ ਦੀ ਚੋਰੀ…
India India News

ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਜੇ ਸ਼ਾਈਨ ਜਵੈਲਰੀ ਸ਼ੋਅਰੂਮ ‘ਚ ਹੋਈ ਕਰੋੜਾਂ ਦੀ ਚੋਰੀ…

Spread the news


ਪ੍ਰਸਿੱਧ ਪੰਜਾਬੀ ਫ਼ਿਲਮ ਅਤੇ ਟੀਵੀ ਅਦਾਕਾਰ ਕੁਲਜਿੰਦਰ ਸਿੱਧੂ ਨਾਲ ਸੰਬੰਧਿਤ ਸੈਕਟਰ 66 ਸਥਿਤ ਜੇਸ਼ਾਇਨ ਜੁਵੈਲਰੀ ਸ਼ੋਅਰੂਮ ਵਿੱਚ ਅਣਪਛਾਤੇ ਅਪਰਾਧੀਆਂ ਨੇ ਇੱਕ ਬੇਹੱਦ ਸੰਵੇਦਨਸ਼ੀਲ ਚੋਰੀ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਉਸ ਤਿਜੋਰੀ ਵਿੱਚੋਂ ਕਰੋੜਾਂ ਰੁਪਏ ਦੇ ਕੀਮਤੀ ਗਹਿਣੇ ਗਾਇਬ ਕਰ ਦਿੱਤੇ, ਜਿਸ ਨੂੰ ਕਿਸੇ ਵੀ ਆਮ ਵਿਅਕਤੀ ਲਈ ਖੋਲ੍ਹਣਾ ਅਸੰਭਵ ਮੰਨਿਆ ਜਾਂਦਾ ਸੀ।
ਐਕਟਰ ਕੁਲਜਿੰਦਰ ਸਿੱਧੂ ਦੇ ਭਰਾ ਅਤੇ ਪਾਰਟਨਰ ਵਿਕਰਮ ਸਿੱਧੂ ਨੇ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ 8 ਵਜੇ ਸਟੋਰ ਬੰਦ ਕੀਤਾ ਗਿਆ ਸੀ। ਸੋਮਵਾਰ ਸਵੇਰੇ ਜਦੋਂ ਦਫ਼ਤਰ ਖੋਲ੍ਹਿਆ ਗਿਆ ਤਾਂ ਮੁੱਖ ਗੇਟ ਦਾ ਤਾਲਾ ਗਾਇਬ ਸੀ। ਅੰਦਰ ਜਾਣ ‘ਤੇ ਪਤਾ ਲੱਗਾ ਕਿ ਸਟੋਰ ਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ, ਬਕਸੇ ਖੁੱਲ੍ਹੇ ਸਨ ਅਤੇ ਉਨ੍ਹਾਂ ਅੰਦਰ ਦੇ ਸਾਰੇ ਗਹਿਣੇ ਗਾਇਬ ਸਨ। ਵਿਕਰਮ ਸਿੱਧੂ ਅਨੁਸਾਰ, ਸ਼ੁਰੂਆਤੀ ਅਨੁਮਾਨ ਮੁਤਾਬਕ ਦੋ ਕਰੋੜ ਰੁਪਏ ਦੇ ਕਰੀਬ ਦੇ ਸੋਨੇ ਦੇ ਗਹਿਣੇ ਗਾਇਬ ਹਨ। ਵਿਕਰਮ ਸਿੱਧੂ ਨੇ ਦੱਸਿਆ ਕਿ ਸਟੋਰ ਰੂਮ ਨੂੰ ਤੋੜਨ ਦੀ ਬਜਾਏ, ਅਜਿਹਾ ਲੱਗਦਾ ਹੈ ਕਿ ਇਸਨੂੰ ਖੋਲ੍ਹਿਆ ਗਿਆ ਹੈ, ਜੋ ਕਿਸੇ ਪ੍ਰੋਫੈਸ਼ਨਲ ਚੋਰ ਜਾਂ ਗਿਰੋਹ ਦਾ ਕੰਮ ਹੋ ਸਕਦਾ ਹੈ। ਚੋਰ ਜਾਂਦੇ ਸਮੇਂ ਸੁਰੱਖਿਆ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ।

ਪਰਿਵਾਰ ਦੀ ਪ੍ਰਤੀਕਿਰਿਆ ਅਤੇ ਚਿੰਤਾ

ਐਕਟਰ ਕੁਲਜਿੰਦਰ ਸਿੱਧੂ ਦੇ ਪਰਿਵਾਰ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਕਰਾਰ ਦਿੱਤਾ ਹੈ। ਪਰਿਵਾਰ ਨੇ ਕਿਹਾ ਕਿ ਕੋਈ ਵੀ ਸੁਰੱਖਿਆ ਵਿਵਸਥਾ ਚੋਰਾਂ ਨੂੰ ਰੋਕ ਨਹੀਂ ਸਕੀ। ਇਹ ਘਟਨਾ ਪੰਜਾਬ ਵਿੱਚ ਵਧ ਰਹੀਆਂ ਅਪਰਾਧਿਕ ਗਤੀਵਿਧੀਆਂ ਦੀ ਇੱਕ ਚਿੰਤਾਜਨਕ ਮਿਸਾਲ ਹੈ, ਜਿਸ ਨਾਲ ਵਪਾਰੀ ਵਰਗ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਪੁਲਿਸ ਦੀ ਕਾਰਵਾਈ

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਆਈਟੀ ਸਿਟੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਇਸ ਸਬੰਧੀ ਐੱਸਐੱਚਓ ਸਤਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਚੋਰੀ ਦੇ ਸਬੰਧ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ। ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੁਲਿਸ ਛੇਤੀ ਹੀ ਇਸ ਮਾਮਲੇ ਨੂੰ ਹੱਲ ਕਰ ਲਵੇਗੀ ਅਤੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਘਟਨਾ ਸਬੰਧੀ ਇਲਾਕੇ ਦੇ ਵਪਾਰਕ ਵਰਗ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।