ਭੋਗਪੁਰ ਨੇੜਲੇ ਪਿੰਡ ਜੰਡੀਰ ਦਾ 26 ਸਾਲਾ ਮਨਜੋਤ ਸਿੰਘ, ਜੋ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ, ਪਿਛਲੇ ਤਿੰਨ ਮਹੀਨਿਆਂ ਤੋਂ ਲਾਪਤਾ ਹੈ। ਪਰਿਵਾਰ ਦੀਆਂ ਬਾਰੰਬਾਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਭਰਜਾਈ ਹਰਦੀਪ ਕੌਰ ਨੇ ਐੱਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਰਾਹੀਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਰਜ਼ੀ ਸੌਂਪੀ ਹੈ, ਤਾਂ ਜੋ ਕੈਨੇਡਾ ਦੇ ਬਰੈਂਪਟਨ ਵਿੱਚ ਉਸ ਦੀ ਤਲਾਸ਼ ਕਰਾਈ ਜਾ ਸਕੇ।ਮਨਜੋਤ 12 ਦਸੰਬਰ 2022 ਨੂੰ ਫਲੇਮਿੰਗ ਕਾਲਜ ਬਰੈਂਪਟਨ ਵਿੱਚ ਗਿਆ ਸੀ, ਬਾਅਦ ਵਿੱਖੇ ਉਸ ਨੇ ਫੈਂਸ਼ੇਵ ਕਾਲਜ ਲੰਡਨ (ਓਨਟਾਰੀਓ) ਵਿਚ ਦਾਖਲਾ ਲੈ ਲਿਆ। ਪੜ੍ਹਾਈ ਦੌਰਾਨ ਉਹ ਨਿਯਮਿਤ ਤੌਰ ’ਤੇ ਪਰਿਵਾਰ ਨਾਲ ਗੱਲ ਕਰਦਾ ਸੀ। ਪੜ੍ਹਾਈ ਪੂਰੀ ਕਰਕੇ ਉਸ ਨੇ ਅਕਤੂਬਰ 2024 ਵਿੱਚ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੋਈ ਸੀ।ਆਖਰੀ ਵਾਰ 13 ਸਤੰਬਰ ਨੂੰ ਉਸ ਨੇ ਦੋਸਤ ‘ਗੈਰੀ’ ਦੇ ਨੰਬਰ ਤੋਂ ਪਰਿਵਾਰ ਨਾਲ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਸ ਦਾ ਮੋਬਾਈਲ ਗੁੰਮ ਗਿਆ ਹੈ। ਉਸ ਤੋਂ ਬਾਅਦ ਉਸ ਦਾ ਫੋਨ ਨਹੀਂ ਆਇਆ। ਪਰਿਵਾਰ ਵੱਲੋਂ ਉਸੇ ਨੰਬਰ ’ਤੇ ਕਈ ਵਾਰ ਸੰਪਰਕ ਕੀਤਾ ਗਿਆ ਪਰ ਗੱਲ ਨਾ ਹੋ ਸਕੀ। ਬਰੈਂਪਟਨ ਵਿੱਚ ਉਸ ਦੇ ਰੂਮਮੇਟ ਹਰਮਿੰਦਰ ਨੇ ਦੱਸਿਆ ਕਿ ਮਨਜੋਤ ਦਾ ਸਾਮਾਨ ਤੇ ਪਾਸਪੋਰਟ ਕਮਰੇ ਵਿੱਚ ਹੀ ਪਿਆ ਹੈ, ਪਰ ਉਹ ਖੁਦ ਵਾਪਸ ਨਹੀਂ ਆਇਆ।
ਪਰਿਵਾਰ ਨੇ ਮਨਜੋਤ ਨੂੰ ਕੈਨੇਡਾ ਭੇਜਣ ਲਈ 10 ਲੱਖ ਦਾ ਬੈਂਕ ਕਰਜ਼ਾ ਲਿਆ ਸੀ। ਅਕਤੂਬਰ ਤੋਂ ਬਾਅਦ ਕਿਸ਼ਤਾਂ ਨਾ ਭਰਿਆਂ ਬੈਂਕ ਵੱਲੋਂ ਦਬਾਅ ਬਣ ਰਿਹਾ ਹੈ, ਜਿਹੜਾ ਪਰਿਵਾਰ ਦੀ ਚਿੰਤਾ ਹੋਰ ਵਧਾ ਰਿਹਾ ਹੈ। ਪ੍ਰਧਾਨ ਪਰਵਿੰਦਰ ਕੌਰ ਬੰਗਾ ਨੇ ਭਰੋਸਾ ਦਵਾਇਆ ਹੈ ਕਿ ਉਹ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਵਿਦੇਸ਼ ਮੰਤਰਾਲੇ ਰਾਹੀਂ ਮਨਜੋਤ ਦੀ ਤਲਾਸ਼ ਲਈ ਪੂਰੀ ਕੋਸ਼ਿਸ਼ ਕਰਨਗੇ।













