ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਅਫਸਰਸ਼ਾਹੀ ਦਾ ਸਿਆਸੀਕਰਨ ਕਰ ਰਹੀ ਹੈ। ਜਾਖੜ ਨੇ ਮੁੱਖ ਸਕੱਤਰ ਅਤੇ ਡੀਜੀਪੀ ਦੀ ਆਪ ਦੀ ਮੋਗਾ ਰੈਲੀ ਵਿਚ ਹਾਜ਼ਰੀ ਭਰਨ ’ਤੇ ਸਵਾਲ ਚੁੱਕੇ ਹਨ।ਜਾਖੜ ਨੇ ਆਪਣੇ ਸੋਸ਼ਲ ਮੀਡੀਆ ਅਕਾਉਟ (ਐਕਸ) ’ਤੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਦੇਖ ਕੇ ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਦੇ ‘ਸਟੀਂਲ ਫ੍ਰੇਮ’ ਬਿਊਰੋਕ੍ਰੈਟ ਹੁਣ ਰਾਜਨੀਤਿਕ ਮਨਮਰਜ਼ੀਆਂ ਅੱਗੇ ਝੁੱਕ ਰਹੇ ਹਨ? ਕੀ ਇਹ ਆਲ ਇੰਡੀਆ ਸਰਵਿਸ ਰੂਲਜ਼ ਦੀ ਸਪਸ਼ਟ ਉਲੰਘਣਾ ਨਹੀਂ ਹੈ?ਜਾਖੜ ਨੇ ਕਿਹਾ ਕਿ ਇਹ ਬੇਹਦ ਚਿੰਤਾਜਨਕ ਹੈ। ਉਹਨਾਂ ਆਖਿਆ ਕਿ ਲੋਕਤੰਤਰ ਵਿਚ ਅਫਸਰਸ਼ਾਹੀ ਨਿਰਪੱਖਤਾ ਨਾਲ ਕੰਮ ਕਰੇ ਇਹੀ ਤਵੱਜੋ ਕੀਤੀ ਜਾਂਦੀ ਹੈ ਪਰ ਜਾਪਦਾ ਹੈ ਕਿ ਲੋਕਤੰਤਰ ਦੇ ਸਟੀਲ ਫਰੇਮ ਨੌਕਰਸ਼ਾਹ ਹੁਣ ਆਪ ਦੀ ਮਨਮਰਜੀਆਂ ਅੱਗੇ ਸਰੰਡਰ ਕਰ ਗਏ ਹਨ । ਉਹਨਾਂ ਕਿਹਾ ਕਿ ਇਹ ਸੇਵਾ ਨਿਯਮਾਂ ਦਾ ਵੀ ਉਲੰਘਣ ਹੈ।
ਜਾਖੜ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਮੋਗਾ ਵਿਖੇ ਕੀਤੀ ਗਈ ਰੈਲੀ ਵਿਚ ਪਹਿਲਾਂ ਜਿੱਥੇ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ ਅਤੇ ਸਰਕਾਰੀ ਖਜ਼ਾਨੇ ਚੋਂ ਪੈਸਾ ਲੁੱਟਦੇ ਹੋਏ ਇਥੇ ਭੀੜ ਜਟਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਇਸ ਰੈਲੀ ਵਿਚ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਲਿਆ ਕੇ ਆਪ ਸਰਕਾਰ ਨੇ ਪੂਰੀ ਤਰ੍ਹਾਂ ਗੈਰ ਇਖਲਾਕੀ ਕਾਰਜ ਕੀਤਾ ਹੈ।













