ਜ਼ਿਲ੍ਹਾ ਤੇ ਸੈਸ਼ਨਜ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਦੀ 50 ਲੱਖ ਰੁਪਏ ਫਿਰੌਤੀ ਮੰਗਣ ਦੇ ਇਕ ਮੁਕਦਮੇ ’ਚੋਂ ਪੱਕੀ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਹਨ। ਪ੍ਰੀਤਪਾਲ ਕੌਰ ਤੇ ਉਸਦਾ ਪਤੀ ਸ਼ਮਸ਼ੇਰ ਸਿੰਘ 26 ਜਨਵਰੀ 2026 ਤੋਂ ਜੇਲ੍ਹ ’ਚ ਬੰਦ ਸਨ।ਪ੍ਰੀਤਪਾਲ ਕੌਰ ਦੇ ਵਕੀਲ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਸਿਰਫ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਲਾਈ ਸੀ ਜਿਸਨੂੰ ਸਵੀਕਾਰ ਕਰਦਿਆਂ ਅਦਾਲਤ ਨੇ 60 ਹਜ਼ਾਰ ਦੇ ਬੇਲਬਾਂਡ ਨਾਲ ਪੱਕੀ ਜ਼ਮਾਨਤ ਦੇ ਹੁਕਮ ਦੇ ਦਿੱਤੇ ਹਨ। ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ 3 ਦਸੰਬਰ 2024 ਨੂੰ ਲਾਗਲੇ ਪਿੰਡ ਦੇ ਇਕ ਅਧਿਆਪਕ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਕਿ ਉਸਨੂੰ ਵਿਦੇਸ਼ੀ ਫੋਨ ਨੰਬਰ ਤੋਂ 50 ਲੱਖ ਰੁਪਏ ਦੀ ਰੰਗਦਾਰੀ ਦੇਣ ਦੀ ਤਿੰਨ ਵਾਰ ਧਮਕੀ ਆਈ ਹੈ, ਜਿਸ ’ਚ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉਸ ਵੇਲੇ ਪੁਲਿਸ ਨੇ ਇਹ ਮੁਕੱਦਮਾ ਅਣਪਛਾਤਿਆਂ ਖ਼ਿਲਾਫ਼ ਦਰਜ ਕੀਤਾ ਸੀ।ਇਸ ਤੋਂ ਸਾਲ ਕੁ ਬਾਅਦ ਸ਼ਿਕਾਇਤ ਕਰਤਾ ਵੱਲੋਂ 25 ਜਨਵਰੀ 2026 ਨੂੰ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਪਾਸੋਂ ਫਿਰੌਤੀ ਮੰਗਣ ਤੇ ਧਮਕੀ ਦੇਣ ਵਾਲਾ ਵਿਅਕਤੀ ਸ਼ਮਸ਼ੇਰ ਸਿੰਘ ਹੈ ਜੋ ਕਿ ਗੈਂਗਸਟਰ ਗੋਲਡੀ ਬਰਾੜ ਦਾ ਪਿਤਾ ਹੈ। ਪੁਲਿਸ ਨੇ ਸ਼ਮਸ਼ੇਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਪਰ ਉਸ ਤੋਂ ਅਗਲੇ ਦਿਨ ਪੁਲਿਸ ਨੇ ਮੁੜ ਹੋਰ ਮੁਕੱਦਮਾ ਦਰਜ ਕਰਦਿਆਂ ਸ਼ਮਸ਼ੇਰ ਸਿੰਘ ਦੀ ਪਤਨੀ ਪ੍ਰੀਤਪਾਲ ਕੌਰ (ਮਾਤਾ ਗੋਲਡੀ ਬਰਾੜ) ਦੋਹਾਂ ਨੂੰ ਗ੍ਰਿਫ਼ਤਾਰ ਕਰਕੇ 26 ਜਨਵਰੀ 2026 ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ, ਜਿੱਥੇ ਅਦਾਲਤ ਨੇ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ।ਸਫਾਈ ਧਿਰ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਪਾਸੋਂ ਨਿਆਂ ਦੀ ਪੂਰਨ ਆਸ ਸੀ, ਇਸ ਲਈ ਉਨ੍ਹਾਂ ਜ਼ਮਾਨਤ ਦੀ ਅਰਜ਼ੀ ਪੇਸ਼ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋਂ ਸਾਲ ਪਹਿਲਾਂ ਦਰਜ ਕਰਵਾਇਆ ਮੁਕੱਦਮਾ ਅਣਪਛਾਤੇ ਵਿਅਕਤੀਆਂ ਖਿਲਾਫ ਸੀ ਪਰ ਹੁਣ ਸਾਲ ਬਾਅਦ ਸ਼ਿਕਾਇਤਕਰਤਾ ਨੇ ਪਹਿਲੇ ਬਿਆਨ ’ਚ ਵੀ ਪ੍ਰੀਤਪਾਲ ਕੌਰ ਦਾ ਨਾਮ ਨਹੀਂ ਸੀ ਲਿਆ ਪਰ ਦੂਜੇ ਦਿਨ ਪੁਲਿਸ ਨੇ ਫ਼ਰਜ਼ੀ ਮੁਕੱਦਮਾ ਦਰਜ ਕਰਕੇ ਪ੍ਰੀਤਪਾਲ ਕੌਰ ਦਾ ਨਾਮ ਸ਼ਾਮਲ ਕੀਤਾ ਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ।ਗ੍ਰਿਫਤਾਰੀ ਤੋਂ ਬਾਅਦ ਹੁਣ ਪੜਤਾਲ ਦਾ ਸਮਾਂ ਵੀ ਪੂਰਾ ਹੋ ਗਿਆ ਹੈ ਜਿਸ ਦੌਰਾਨ ਪ੍ਰੀਤਪਾਲ ਕੌਰ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ। ਇਸ ਲਈ ਪ੍ਰੀਤਪਾਲ ਕੌਰ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਵੇ। ਅਦਾਲਤ ਨੇ ਸਫਾਈ ਧਿਰ ਦੇ ਵਕੀਲ ਬਾਬੂ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰਦਿਆਂ ਹੋਰ ਸ਼ਰਤਾਂ ਦੇ ਨਾਲ ਬਿਨਾਂ ਅਦਾਲਤ ਦੀ ਇਜਾਜ਼ਤ ਦੇ ਦੇਸ਼ ਨਾ ਛੱਡਣ ਦੀ ਸ਼ਰਤ ਵੀ ਲਾਈ ਹੈ।
ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਨੂੰ ਫਿਰੌਤੀ ਮਾਮਲੇ ‘ਚ ਸ਼ਰਤਾਂ ਸਣੇ ਮਿਲੀ ਪੱਕੀ ਜ਼ਮਾਨਤ….












