ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਰਵੱਈਏ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆ ਕਮੇਟੀ ਉੱਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਨਿੱਜੀ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਣ ਦੇ ਦੋਸ਼ ਲਾਏ ਹਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਉਹ ਆਪਣੀ ਸ੍ਰੀ ਦਰਬਾਰ ਸਾਹਿਬ ਵਾਲੀ ਰਿਹਾਇਸ਼ ਤੋਂ ਸਾਮਾਨ ਸ਼ਿਫਟ ਕਰਵਾ ਰਹੇ ਸਨ ਤਾਂ ਗੇਟ ‘ਤੇ ਤਾਇਨਾਤ ਸੇਵਾਦਾਰਾਂ ਨੇ ਲਿਖਤੀ ਤੌਰ ‘ਤੇ ਸਾਈਨ ਕਰਵਾ ਕੇ ਸਾਮਾਨ ਲਿਜਾਣ ਦਿੱਤਾ। ਗਿਆਨੀ ਰਘਬੀਰ ਸਿੰਘ ਨੇ ਇਸ ਕਾਰਵਾਈ ਨੂੰ ਬੇਹੱਦ ਮਾੜੀ ਦੱਸਦਿਆਂ ਕਿਹਾ ਕਿ ਇਕ ਸੇਵਾਦਾਰ ਜੋ ਲੰਬੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ, ਉਸ ਦੇ ਨਿੱਜੀ ਸਾਮਾਨ ਦੀ ਇਸ ਤਰ੍ਹਾਂ ਤਲਾਸ਼ੀ ਲੈਣੀ ਬਹੁਤ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਕੇਵਲ ਕਿਸੇ ਗੈਰ-ਕਾਨੂੰਨੀ ਵਸਤੂ ਦੇ ਸ਼ੱਕ ਵਿਚ ਲਈ ਜਾਂਦੀ ਹੈ, ਪਰ ਇੱਥੇ ਜਾਣਬੁੱਝ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਆਪਣੀ ਸੇਵਾ ਮੁਕਤੀ ਬਾਰੇ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੋ ਸਾਲ ਤੋਂ ਵੱਧ ਦਾ ਸੇਵਾ ਕਾਲ ਬਾਕੀ ਸੀ, ਪਰ 26 ਫਰਵਰੀ ਨੂੰ ਉਨ੍ਹਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਗਿਆ, ਜਦਕਿ ਉਹ ਮੈਡੀਕਲ ਛੁੱਟੀ ‘ਤੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ‘ਤੇ ਆਉਣ-ਜਾਣ ਵਾਲੇ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ ਅਤੇ ਕਰਮਚਾਰੀਆਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਕਾਨ ਖਾਲੀ ਕਰਨ ਲਈ ਤਿਆਰ ਹਨ, ਪਰ ਨਵੀਂ ਰਿਹਾਇਸ਼ ਦੀ ਮੁਰੰਮਤ ਕਾਰਨ ਉਨ੍ਹਾਂ ਨੇ 10-12 ਦਿਨਾਂ ਦਾ ਹੋਰ ਸਮਾਂ ਮੰਗਿਆ ਸੀ। ਫੰਡਾਂ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ 36 ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਦੀ ਸੇਵਾ ਕੀਤੀ ਹੈ, ਜੇਕਰ ਕਮੇਟੀ ਫੰਡ ਰਿਲੀਜ਼ ਕਰੇਗੀ ਤਾਂ ਠੀਕ ਹੈ, ਨਹੀਂ ਤਾਂ ਉਹ ਗੁਰੂ ਭਰੋਸੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਪ੍ਰਬੰਧ ਵਿਚ ਨੈਤਿਕਤਾ ਅਤੇ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ।ਇਸ ਸਬੰਧੀ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹਰੇਕ ਗੇਟ ’ਤੇ ਸੇਵਾਦਾਰ ਤਾਇਨਾਤ ਹਨ। ਕੋਈ ਵੀ ਸਾਮਾਨ ਬਾਹਰ ਲੈ ਕੇ ਜਾਣ ਲਈ ਗੇਟ ਪਾਸ ਹੋਣਾ ਜ਼ਰੂਰੀ ਹੈ, ਗੇਟ ’ਤੇ ਤਾਇਨਾਤ ਸੇਵਾਦਾਰ ਨੇ ਆਪਣੀ ਰੂਟੀਨ ਵਾਂਗ ਡਿਊਟੀ ਨਿਭਾਈ ਹੈ। ਸੇਵਾਦਾਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੋ ਵੀ ਸਾਮਾਨ ਲੈ ਕੇ ਜਾਣ ਉਸ ਲਈ ਕਿਸੇ ਵੀ ਗੇਟ ਪਾਸ ਜਾਂ ਜਾਂਚ ਦੀ ਜ਼ਰੂਰਤ ਨਹੀਂ ਹੈ। ਜੇਕਰ ਸਿੰਘ ਸਾਹਿਬ ਪਹਿਲਾਂ ਹੀ ਕਿਸੇ ਪ੍ਰਬੰਧਕ ਨਾਲ ਰਾਬਤਾ ਕਰ ਲੈਂਦੇ ਤਾਂ ਇਸ ਤਰ੍ਹਾਂ ਨਹੀਂ ਹੋਣਾ ਸੀ, ਜਦੋਂ ਪਤਾ ਲੱਗਾਂ ਤਾਂ ਤੁਰੰਤ ਸੇਵਾਦਾਰਾਂ ਨੂੰ ਸਾਮਾਨ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਪੁੱਛ-ਗਿੱਛ ਤੋਂ ਜਾਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਰਿਹਾਇਸ਼ ਖਾਲੀ ਹੋਣ ਬਾਰੇ ਮੈਨੇਜਰ ਧੰਗੇੜਾ ਨੇ ਕਿਹਾ ਕਿ ਸਿੰਘ ਸਾਹਿਬ ਨੇ ਇਸ ਸਬੰਧੀ ਕੋਈ ਵੀ ਇਤਲਾਹ ਨਹੀਂ ਦਿੱਤੀ।
ਗਿਆਨੀ ਰਘਬੀਰ ਸਿੰਘ ਨੇ SGPC ਦੇ ਰਵੱਈਏ ’ਤੇ ਖੜ੍ਹੇ ਕੀਤੇ ਸਵਾਲ…













Add Comment