Home » ਸ਼ਹਿਜ਼ਾਦ ਭੱਟੀ ਨਾਲ ਜੁੜੇ ਨੈੱਟਵਰਕ ‘ਤੇ NIA ਦਾ ਸ਼ਿਕੰਜਾ, ਪੰਜਾਬ-ਹਰਿਆਣਾ ‘ਚ 18 ਥਾਵਾਂ ‘ਤੇ ਛਾਪੇਮਾਰੀ….
Home Page News India India News

ਸ਼ਹਿਜ਼ਾਦ ਭੱਟੀ ਨਾਲ ਜੁੜੇ ਨੈੱਟਵਰਕ ‘ਤੇ NIA ਦਾ ਸ਼ਿਕੰਜਾ, ਪੰਜਾਬ-ਹਰਿਆਣਾ ‘ਚ 18 ਥਾਵਾਂ ‘ਤੇ ਛਾਪੇਮਾਰੀ….

Spread the news

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪਾਕਿਸਤਾਨ ਸਥਿਤ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਜੁੜੇ ਅੱਤਵਾਦੀ-ਗੈਂਗਸਟਰ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ‘ਚ 18 ਥਾਵਾਂ ‘ਤੇ ਇੱਕੋ ਵੇਲੇ ਛਾਪੇਮਾਰੀ ਕੀਤੀ। ਇਹ ਕਾਰਵਾਈ ਭੱਟੀ ਨਾਲ ਜੁੜੇ ਤਿੰਨ ਵੱਖ-ਵੱਖ ਮਾਮਲਿਆਂ ਦੀ ਜਾਂਚ ਦੇ ਤਹਿਤ ਕੀਤੀ ਗਈ ਹੈ।NIA ਦੀਆਂ ਟੀਮਾਂ ਨੇ ਪੰਜਾਬ ਅਤੇ ਹਰਿਆਣਾ ਦੇ ਨੌਂ ਜ਼ਿਲ੍ਹਿਆਂ ‘ਚ ਸਥਿਤ ਵੱਖ-ਵੱਖ ਟਿਕਾਣਿਆਂ ਦੀ ਤਲਾਸ਼ੀ ਲਈ। ਇਸ ਦੌਰਾਨ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਜਾਂਚ ਨਾਲ ਜੁੜੇ ਅਹਿਮ ਸੁਰਾਗ ਇਕੱਠੇ ਕੀਤੇ ਗਏ। ਏਜੰਸੀ ਨੇ ਕਈ ਡਿਜੀਟਲ ਉਪਕਰਨ, ਦਸਤਾਵੇਜ਼ ਅਤੇ ਸੰਚਾਰ ਨੈੱਟਵਰਕ, ਵਿੱਤੀ ਲੈਣ-ਦੇਣ ਤੇ ਸ਼ੱਕੀ ਗਤੀਵਿਧੀਆਂ ਨਾਲ ਸਬੰਧਿਤ ਸਮੱਗਰੀ ਵੀ ਜ਼ਬਤ ਕੀਤੀ ਹੈ।NIA ਮੁਤਾਬਕ, ਤਲਾਸ਼ੀ ਦੌਰਾਨ ਇਕੱਠੇ ਕੀਤੇ ਗਏ ਸਾਰੇ ਸਬੂਤਾਂ ਅਤੇ ਜਾਣਕਾਰੀਆਂ ਨੂੰ ਤਕਨੀਕੀ, ਫੋਰੈਂਸਿਕ ਅਤੇ ਹੋਰ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਸਰਹੱਦ ਪਾਰ ਤੋਂ ਚਲਾਈ ਜਾ ਰਹੀ ਵਿਆਪਕ ਸਾਜ਼ਿਸ਼ ਦਾ ਖੁਲਾਸਾ ਕੀਤਾ ਜਾ ਸਕੇ। ਕੁਝ ਵਿਅਕਤੀਆਂ ਨੂੰ ਅਗਲੇਰੀ ਪੁੱਛਗਿੱਛ ਲਈ ਜਾਂਚ ਵਿੱਚ ਸ਼ਾਮਲ ਹੋਣ ਦੇ ਨੋਟਿਸ ਵੀ ਜਾਰੀ ਕੀਤੇ ਗਏ ਹਨ।ਜਾਂਚ ਏਜੰਸੀ ਅਨੁਸਾਰ, ਪਾਕਿਸਤਾਨ ਵਿੱਚ ਬੈਠਾ ਗੈਂਗਸਟਰ ਤੋਂ ਅੱਤਵਾਦੀ ਬਣਿਆ ਸ਼ਹਿਜ਼ਾਦ ਭੱਟੀ ਭਾਰਤ ‘ਚ ਆਪਣੇ ਨੈੱਟਵਰਕ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ। ਮੰਗਲਵਾਰ ਦੀ ਕਾਰਵਾਈ ਦਾ ਮੁੱਖ ਉਦੇਸ਼ ਉਸ ਦੇ ਸਾਥੀਆਂ ਅਤੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨਾ ਸੀ।

ਇਨ੍ਹਾਂ ਵੱਡੇ ਹਮਲਿਆਂ ਪਿੱਛੇ ਸੀ ਹੱਥ
NIA ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਾਰਚ 2025 ਵਿਚ ਜਲੰਧਰ ‘ਚ ਇੰਟਰਨੈਸ਼ਨਲ ਮੀਡੀਆ ਇਨਫਲੂਐਂਸਰ ਰੋਜ਼ਰ ਸੰਧੂ ਦੇ ਘਰ ਹੋਏ ਗ੍ਰੇਨੇਡ ਹਮਲੇ ਪਿੱਛੇ ਵੀ ਸ਼ਹਿਜ਼ਾਦ ਭੱਟੀ ਦਾ ਹੱਥ ਸੀ। ਇਸ ਮਾਮਲੇ ‘ਚ ਏਜੰਸੀ ਅਪ੍ਰੈਲ 2026 ‘ਚ ਭੱਟੀ ਸਮੇਤ ਦੋ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਨਵੰਬਰ 2025 ‘ਚ ਹਰਿਆਣਾ ਦੇ ਸਿਰਸਾ ਮਹਿਲਾ ਥਾਣਾ ਕੰਪਲੈਕਸ ਵਿੱਚ ਹੋਏ ਧਮਾਕੇ ਅਤੇ ਜਨਵਰੀ 2026 ‘ਚ ਅੰਬਾਲਾ ਦੇ ਬਲਦੇਵ ਨਗਰ ਥਾਣੇ ਵਿੱਚ ਹੋਏ ਕਾਰ ਬੰਬ ਧਮਾਕੇ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਵੀ ਭੱਟੀ ਨੂੰ ਦੱਸਿਆ ਗਿਆ ਹੈ। ਸਿਰਸਾ ਧਮਾਕੇ ਦੇ ਮਾਮਲੇ ‘ਚ NIA ਮਈ 2026 ‘ਚ ਭੱਟੀ ਅਤੇ ਪਾਕਿਸਤਾਨ ਸਥਿਤ ਹੈਂਡਲਰ ਸੁਹੇਲ ਅਹਿਮਦ ਉਰਫ਼ ਸੁਹੇਲ ਬਲੋਚ ਸਮੇਤ ਨੌਂ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ।
NIA ਨੇ ਕਿਹਾ ਕਿ ਅੱਤਵਾਦੀ-ਗੈਂਗਸਟਰ ਗਠਜੋੜ ਦੀਆਂ ਸਾਰੀਆਂ ਕੜੀਆਂ ਨੂੰ ਜੋੜਨ ਅਤੇ ਨੈੱਟਵਰਕ ਨਾਲ ਜੁੜੇ ਹਰ ਵਿਅਕਤੀ ਤੱਕ ਪਹੁੰਚਣ ਲਈ ਜਾਂਚ ਲਗਾਤਾਰ ਜਾਰੀ ਹੈ।