ਫਰਾਂਸ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਦੇ ਨਿਰੰਤਰ ਵਧਣ ਅਤੇ ਮੌਸਮ ਦੇ ਹੋਰ ਖ਼ਰਾਬ ਹੋਣ ਦੇ ਚੱਲਦਿਆਂ ਫ੍ਰੈਂਚ ਸਰਕਾਰ ਦੁਆਰਾ ਉੱਚ ਪੱਧਰੀ ਹੰਗਾਮੀ ਮੀਟਿੰਗਾਂ (Crisis Meetings) ਬੁਲਾਈਆਂ ਗਈਆਂ ਹਨ। ਮੌਸਮ ਵਿਭਾਗ ਦੁਆਰਾ ਮੰਗਲਵਾਰ ਤੋਂ ਤਾਪਮਾਨ 40°C (104°F) ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਲਾਟਾਂ ਦੇ ਹੋਰ ਤੇਜ਼ੀ ਨਾਲ ਫੈਲਣ ਅਤੇ ਹਾਲਾਤ ਬਿਗੜਨ ਦਾ ਗੰਭੀਰ ਖ਼ਤਰਾ ਬਣ ਗਿਆ ਹੈ।
ਬੋਰਡੋ (Bordeaux) ਦੇ ਦੱਖਣੀ ਖੇਤਰ ਵਿੱਚ ਲੱਗੀ ਅੱਗ ਨੇ ਇੰਨੀ ਤਬਾਹੀ ਮਚਾਈ ਹੈ ਕਿ ਇਸ ਨਾਲ ਬੋਰਡੋ ਨੂੰ ਸਪੇਨ ਨਾਲ ਜੋੜਨ ਵਾਲਾ ਮੁੱਖ ਮੋਟਰਵੇਅ (Motorway) ਅਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰਨੀਆਂ ਪਈਆਂ ਹਨ। ਇਸ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ (Evacuation) ਦੇ ਹੁਕਮ ਜਾਰੀ ਹਨ।
ਹਾਲਾਂਕਿ ਰਾਤ ਸਮੇਂ ਅੱਗ ‘ਤੇ ਕੁਝ ਹੱਦ ਤੱਕ ਕਾਬੂ ਪਾਇਆ ਗਿਆ ਸੀ, ਪਰ ਮੌਸਮ ਦੀ ਤਪਸ਼ ਕਾਰਨ ਮੁੜ ਅੱਗ ਭੜਕਣ ਦਾ ਡਰ ਹੈ। ਫਾਇਰਫਾਈਟਰਾਂ ਦੀ ਮਦਦ ਲਈ ਲੇ ਪੋਰਜ (Le Porge) ਅਤੇ ਸੇਂਟ-ਜੀਨ-ਡੀ-ਇਲਾਕ (Saint-Jean-d’Illac) ਵਰਗੇ ਖੇਤਰਾਂ ਵਿੱਚ ਸਥਾਨਕ ਵਲੰਟੀਅਰ ਵੀ ਅੱਗੇ ਆਏ ਹਨ, ਜੋ ਸੜ ਚੁੱਕੇ ਘਰਾਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਪਾਣੀ ਦਾ ਛਿੜਕਾਅ ਕਰ ਰਹੇ ਹਨ ਤਾਂ ਜੋ ਅੱਗ ਨੂੰ ਮੁੜ ਭੜਕਣ ਤੋਂ ਰੋਕਿਆ ਜਾ ਸਕੇ।













