ਨਿਊਜ਼ੀਲੈਂਡ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨਾਲ ਆਰਟੇਮਿਸ ਸਮਝੌਤੇ ‘ਤੇ ਦਸਤਖ਼ਤ ਕਰਨਾ ਵਲਾ 11ਵਾਂ ਦੇਸ਼ ਬਣ ਚੁੱਕਾ ਹੈ। ਇਹ ਸਮਝੌਤਾ ਪੁਲਾੜ ਵਿਚ ਸਹਿਯੋਗ ਸੰਬੰਧੀ ਇਕ ਖਰੜਾ ਹੈ ਅਤੇ 2024 ਤੱਕ ਮਨੁੱਖਾਂ ਨੂੰ ਚੰਨ ‘ਤੇ ਭੇਜਣ ਦੀ ਨਾਸਾ ਦੀ ਯੋਜਨਾ ਅਤੇ ਮੰਗਲ ਵਿਚ ਮਨੁੱਖ ਨੂੰ ਭੇਜਣ ਦੇ ਇਤਿਹਾਸਿਕ ਮਿਸ਼ਨ ਨੂੰ ਸ਼ੁਰੂ ਕਰਨ ਦਾ ਸਮਰਥਨ ਕਰਦਾ ਹੈ।
ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨੀਆ ਮਹੁਤਾ ਨੇ ਕਿਹਾ ਕਿ, ਨਿਊਜ਼ੀਲੈਂਡ ਪੁਲਾੜ ਵਿਚ ਰਾਕੇਟ ਲਾਂਚ ਕਰਨ ਵਾਲੇ ਕੁਝ ਦੇਸ਼ਾਂ ਵਿਚ ਸ਼ਾਮਲ ਹੈ। ਮਹੁਤਾ ਦਾ ਕਹਿਣਾ ਹੈ ਕਿ,”ਨਿਊਜ਼ੀਲੈਂਡ ਇਹ ਯਕੀਨੀ ਕਰਨ ਲਈ ਵਚਨਬੱਧ ਹੈ ਕਿ ਪੁਲਾੜ ਖੋਜ ਦਾ ਅਗਲਾ ਪੜਾਅ ਸੁਰੱਖਿਅਤ, ਸਥਾਈ ਅਤੇ ਪਾਰਦਰਸ਼ੀ ਹੋਵੇ ਅਤੇ ਇਸ ਦੌਰਾਨ ਅੰਤਰਰਾਸ਼ਟਰੀ ਕਾਨੂੰਨ ਦੀ ਪੂਰੀ ਪਾਲਣਾ ਹੋਵੇ।” ਨਿਊਜ਼ੀਲੈਂਡ ਨੇ ਕਿਹਾ ਕਿ ਉਸ ਦੀ ਦਿਲਚਸਪੀ ਵਿਸ਼ੇਸ਼ ਤੌਰ ‘ਤੇ ਇਹ ਯਕੀਨੀ ਕਰਨ ਵਿਚ ਹੈ ਚੰਨ ਜਾਂ ਪੁਲਾੜ ਵਿਚ ਹੋਰ ਕਿਸੇ ਵੀ ਜਗ੍ਹਾ ਦੇ ਖਣਿਜਾਂ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਸਥਿਤ ਕੰਪਨੀ ਰਾਕੇਟ ਲੈਬ ਨੇ ਚਾਰ ਸਾਲ ਪਹਿਲਾਂ ਨਿਊਜ਼ੀਲੈਂਡ ਵਿਚ ਇਤਿਹਾਸ ਵਿਚ ਰਚ ਦਿੱਤਾ ਸੀ ਜਦੋਂ ਉਸ ਨੇ ਦੂਰ-ਦੁਰਾਡੇ ਮਾਹੀਆ ਪ੍ਰਾਇਦੀਪ ਤੋਂ ਪੁਲਾੜ ਵਿਚ ਇਕ ਪਰੀਖਣ ਰਾਕੇਟ ਲਾਂਚ ਕੀਤਾ ਸੀ। ਇਸ ਨੇ 2018 ਵਿਚ ਵਪਾਰਕ ਲਾਂਚ ਸ਼ੁਰੂ ਕੀਤੀ। ਰਾਕੇਟ ਲੈਬ ਛੋਟੇ ਉਪਗ੍ਰਹਿਆਂ ਨੂੰ ਪੰਧ ਵਿਚ ਸਥਾਪਿਤ ਕਰਨ ਵਿਚ ਮਾਹਰ ਹੈ। ਰਾਕੇਟ ਲੈਬ ਦੇ ਸੰਸਥਾਪਕ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਪੀਟਰ ਬੈਕ ਨੇ ਕਿਹਾ ਕਿ ਇਸ ਸਮਝੌਤੇ ‘ਤੇ ਦਸਤਖ਼ਤ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਪੁਲਾੜ ਉਦਯੋਗ ਵਿਚ ਦੇਸ਼ ਦੀ ਭੂਮਿਕਾ ਵੱਧ ਰਹੀ ਹੈ ਅਤੇ ਇਸ ਨੇ ਨਾਸਾ ਨਾਲ ਗਠਜੋੜ ਅਤੇ ਮਿਸ਼ਨ ਸੰਬੰਧੀ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਦਸ ਦੇਈਏ ਕਿ ਨਿਊਜ਼ੀਲੈਂਡ ਦੇ ਇਲਾਵਾ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ, ਇਟਲੀ, ਜਾਪਾਨ, ਲਕਜ਼ਮਬਰਗ, ਦੱਖਣੀ ਕੋਰੀਆ, ਸੰਯੁਕਤ ਅਰਬ ਅਮੀਰਾਤ ਅਤੇ ਯੂਕਰੇਨ ਇਸ ‘ਤੇ ਦਸਤਖ਼ਤ ਕਰ ਚੁੱਕੇ ਹਨ। ਬ੍ਰਾਜ਼ੀਲ ਨੇ ਵੀ ਕਿਹਾ ਹੈ ਕਿ ਉਹ ਦਸਤਖ਼ਤ ਕਰਨ ਦੀ ਯੋਜਨਾ ਬਣਾ ਰਿਹਾ ਹੈ।