Home » ਬੇਅਦਬੀ ਮਾਮਲੇ ‘ਚ SIT ਦਾ ਵੱਡਾ ਖ਼ੁਲਾਸਾ- ਡੇਰਾ ਸਿਰਸਾ ਦੇ ਅਪਮਾਨ ਦਾ ਬਦਲਾ ਲੈਣ ਲਈ ਹੋਈਆਂ ਬੇਅਦਬੀਆਂ
India India News World World News

ਬੇਅਦਬੀ ਮਾਮਲੇ ‘ਚ SIT ਦਾ ਵੱਡਾ ਖ਼ੁਲਾਸਾ- ਡੇਰਾ ਸਿਰਸਾ ਦੇ ਅਪਮਾਨ ਦਾ ਬਦਲਾ ਲੈਣ ਲਈ ਹੋਈਆਂ ਬੇਅਦਬੀਆਂ

Spread the news

ਚੰਡੀਗੜ੍ਹ, 2 ਜੂਨ 2021- ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀਗੁਰੂ  ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਚੋਰੀ ਹੋਣ  ਤੋਂ  ਛੇ ਸਾਲ ਬਾਅਦ ਆਈ ਜੀ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਇਹ ਨਿਚੋੜ ਕੱਢਿਆ ਹੈ ਕਿ ਸਿਰਸਾ ਆਧਾਰਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਕਥਿਤ ਤੌਰ ’ਤੇ ਅਪਮਾਨ ਹੋਣ ਦਾ ਬਦਲਾ ਲੈਣ ਲਈ ਡੇਰਾ ਪ੍ਰੇਮੀਆਂ ਵੱਲੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ।

ਐਸ ਆਈ ਟੀ ਵੱਲੋਂ ਜਾਂਚ ਬਾਰੇ ਤਿਆਰ ਕੀਤੇ ਇਕ ਨੋਟ ਵਿਚ ਦੱਸਿਆ ਗਿਆ ਹੈ ਕਿ ਡੇਰੇ ਦੇ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਤੇ ਉਸਦੇ ਸਾਥੀਆਂ ਨੇ ਬੇਅਦਬੀ ਦੀਆਂ ਇਹ ਘਟਨਾਵਾਂ ਕੀਤੀਆਂ ਹਨ। ਬਿੱਟੂ ਦੀ ਬਾਅਦ  ਵਿਚ ਨਾਭਾ ਜੇਲ੍ਹ ਵਿਚ ਗੈਂਗਸਟਰਾਂ ਨੇ ਹੱਤਿਆ ਕਰ ਦਿੱਤੀ ਸੀ।

ਇਹਨਾਂ ਮੁਲਜ਼ਮਾਂ ਵਿਚ ਸੁਖਜਿੰਦਰ ਸਿੰਘ ਸੰਨੀ ਕਾਂਡਾ, ਸ਼ਕਤੀ ਸਿੰਘ, ਰਣਜੀਤ ਸਿੰਘ ਉਰਫ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ, ਪਰਦੀਪ ਸਿੰਘ ਉਰਫ ਰਾਜੂ ਧੋਦੀ, ਰਣਦੀਪ ਸਿੰਘ ਉਰਫ ਨੀਲਾ ਅਤੇ ਕੁਝ ਹੋਰ ਸ਼ਾਮਲ ਹਨ। ਨੀਲਾ ਨੂੰ ਛੱਡ ਕੇ ਸਾਰੇ ਮੁਲਜ਼ਮਾਂ ਨੁੰ ਪਰਮਾਰ ਦੀ ਅਗਵਾਈ ਵਾਲੀ ਟੀਮ ਨੇ 16 ਮਈ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਲੋਕਾਂ ਨੂੰ ਅਪਰੇਸ਼ਨ ’ਸਰਜੀਕਲ ਸਟ੍ਰਾਈਕਸ’ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਦੱਸਿਆ ਗਿਆ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਸੌਖੀ ਨਹੀਂ ਸੀ । ਇਹ ਮੁਲਜ਼ਮ ਵੱਖ ਵੱਖ ਜਾਂਚ ਏਜੰਸੀਆਂ ਦਾ ਸਾਹਮਣਾ ਕਰ ਚੁੱਕੇ ਸਨ ਤੇ ਇਹਨਾਂ ਨੇ ਪਿਛਲੇ ਛੇ ਸਾਲਾਂ ਵਿਚ ਵੱਖ ਵੱਖ ਲੀਗਲ ਚੈਨਲਾਂ ਰਾਹੀਂ ਗ੍ਰਿਫਤਾਰੀ ਤੋਂ ਬਚਣ ਦਾ ਹਰ ਹੀਲਾ ਕੀਤਾ ਸੀ।ਵਿਰੋਧੀ ਧਿਰ ਦੇ ਨਾਲ ਨਾਲ ਕੁਝ ਕਾਂਗਰਸੀਆਂ ਵੱਲੋਂ ਵੀ ਸਰਕਾਰ ’ਤੇ ਉਂਗਲ ਚੁੱਕਣ ਕਾਰਨ ਟੀਮ ’ਤੇ ਬਹੁਤ ਦਬਾਅ ਸੀ।

ਦਿਲਚਸਪੀ ਵਾਲੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸੂਚੀ ਵਿਚ ਡੇਰੇ ਦੇ ਉਹਨਾਂ ਹੀ ਪ੍ਰੇਮੀਆਂ ਦਾ ਟੋਲਾ ਸ਼ਾਮਲਹੈ  ਜਿਸਦਾ ਜ਼ਿਕਰ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਪਹਿਲੀ ਐਸ ਆਈ ਟੀ ਨੇ ਕੀਤਾ ਸੀ। ਖੱਟੜਾ ਦੀ ਰਿਪੋਰਟ ਸਰਕਾਰ  ਨੇ ਪ੍ਰਵਾਨ ਨਹੀਂ ਕੀਤੀ ਸੀ ਤੇ ਸੀ ਬੀ ਆਈ ਨੇ ਵੀ ਇਹ ਮੰਨਣ ਤੋਂ ਇਨਕਾਰ ਕੀਤਾ ਸੀ ਕਿ ਡੇਰਾ ਪ੍ਰੇਮੀ ਬੇਅਦਬੀ ਮਾਮਲਿਆਂ ਵਿਚ ਸ਼ਾਮਲ ਸਨ।

ਇਸ ਸਾਲ ਜਨਵਰੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖੱਟੜਾ ਦੀ ਅਗਵਾਈ ਵਾਲੀ ਐਸ ਆਈ ਟੀ ਭੰਗ ਕਰ ਦਿੱਤੀ ਸੀ ਤੇ ਪੰਜਾਬ ਸਰਕਾਰ ਨੇ ਆਈ ਜੀ ਐਸ ਪੀ ਐਸ ਪਰਮਾਰ ਨੂੰ ਐਸ ਆਈ ਟੀ ਦਾ ਅਗਲਾ ਮੁਖੀ ਲਗਾਇਆ ਸੀ। ਇਸ ਵਿਚ ਡੀ ਆਈ ਜੀ ਖੱਟੜਾ ਤੇ ਏ ਆਈ ਜੀ ਰਾਜਿੰਦਰ ਸਿੰਘ ਸੋਹਲ ਮੈਂਬਰ ਹਨ।

ਨੋਟ ਮੁਤਾਬਕ ਬੇਅਦਬੀ ਘਟਨਾਵਾਂ ਵਾਪਰਨ ਦਾ ਬੀਜ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਵੱਲੋਂ 2015 ਦੇ ਸ਼ੁਰੂ ਵਿਚ ਬੁਰਜ ਜਵਾਹਰ ਸਿੰਘ ਵਾਲਾ ਵਿਚ ਲਗਾਏ ਗਏ ਦੀਵਾਨ ਵਿਚ ਬੀਜਿਆ ਗਿਆ ਸੀ। ਉਸ ਦੀਵਾਨ ਵਿਚ ਸਿੱਖ ਪ੍ਰਚਾਰਕ ਨੇ ਲੋਕਾਂ ਨੂੰ ਡੇਰਾ ਸੱਚਾ ਸੌਦਾ ਛੱੜਣ ਵਾਲੇ ਕਿਹਾ ਸੀ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਡੇਰਾ ਪ੍ਰੇਮੀਆਂ ਵਾਂਗ ਕਿਸੇ ਮਨੁੱਖ ਨੁੰ ਆਪਣਾ ਗੁਰੂ ਨਹੀਂ ਮੰਨਦੇ।  ਇਸ ਤੋਂ ਡੇਰਾ ਪ੍ਰੇਮੀ ਖਾਸ ਤੌਰ ’ਤੇ ਮਹਿੰਦਰਪਾਲ ਸਿੰਘ ਬਿੱਟੂ ਭੜਕ ਉਠੇ ਤੇ ਉਹਨਾਂ ਬਦਲਾ ਲੈਣ ਲਈ ਸਾਜ਼ਿਸ਼ ਰਚੀ।

ਬਿੱਟੂ ਦੇ ਖਾਸ ਆਦਮੀ ਸੁਖਜਿੰਦਰ ਸਿੰਘ ਉਰ ਸੰਨੀ ਕਾਂਡਾ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ। ਸੰਨੀ ਨੇ ਹੀ ਸਿੱਖਾਂ ਖਿਲਾਫ ਬੇਹੱਦ ਮੰਦੀ ਭਾਸ਼ਾ ਵਾਲੇ ਪੋਸਟਰ ਲਿਖੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬਰਗਾੜੀ ਪਿੰਡ ਵਿਚ ਸੁੱਟੇ। ਸਨੀ ਤੇ ਸ਼ਕਤੀ ਨੇ ਬਾਅਦ ਵਿਚ ਫਟੀ ਹੋਏ ਸਰੂਪ ਨੁੰ ਬਿੱਟੂ ਨੂੰ ਸੌਂਪ ਦਿੱਤਾ। ਰਾਜੂ ਧੋਂਦੀ ਨੇ ਸਰੂਪ ਦੇ 100 ਅੰਗ ਨਹਿਰ ਵਿਚ ਸੁੱਟ ਦਿੱਤੇ।
ਰਿਪੋਰਟ ਮੁਤਾਬਕ ਸਰਜੀਕਲ ਸਟ੍ਰਾਈਕ ਲਈ ਬਹੁਤ ਬਾਰੀਕੀ ਨਾਲ ਤਿਆਰੀ ਕੀਤੀ ਗਈ ਸੀ।  ਇਹ ਬਹੁਤ ਗੁਪਤ ਐਕਸ਼ਨ ਸੀ ਤਾਂ ਜੋ ਮੁਲਜ਼ਮਾਂ ਨੂੰ ਗ੍ਰਿਫਤਾਰੀ ਤੋਂ ਬਚਣ ਦਾ ਮੌਕਾ ਨਾ ਮਿਲ ਸਕੇ।