ਯੂਰਪੀ ਯੂਨੀਅਨ ਦੀ ਸਿਖ਼ਰਲੀ ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਜਰਮਨੀ 2010 ਤੋਂ 2016 ਦਰਮਿਆਨ ਕਈ ਖੇਤਰਾਂ ਵਿਚ ‘ਯੋਜਨਾਬੱਧ ਰੂਪ ਨਾਲ ਅਤੇ ਲਗਾਤਾਰ’ ਡੀਜ਼ਲ ਇੰਜਣਾਂ ਵਿਚੋਂ ਨਿਕਲਣ ਵਾਲੀ ਹਨੀਕਾਰਕ ਗੈਸ ਨਾਈਟ੍ਰੋਜਨ ਡਾਈਆਕਸਾਈਡ (ਐਨਓ2) ਦੀ ਸੀਮਾ ਨੂੰ ਪਾਰ ਕਰ ਗਿਆ ਹੈ। ‘ਦਿ ਯੂਰਪੀਅਨ ਕੋਰਟ ਆਫ ਜਸਟਿਸ’ ਨੇ ਜਰਮਨੀ ਨੂੰ 89 ਖੇਤਰਾਂ ਵਿਚੋਂ 26 ਖੇਤਰਾਂ ਵਿਚ ਸਲਾਨਾ ਤੈਅ ਸੀਮਾ ਤੋਂ ਜ਼ਿਆਦਾ ਨਾਈਟ੍ਰੋਜਨ ਡਾਈਆਕਸਾਈਡ ਨਿਕਾਸੀ ਦਾ ਦੋਸ਼ੀ ਪਾਇਆ ਹੈ। ਜਿਨ੍ਹਾਂ ਥਾਵਾਂ ’ਤੇ ਨਾਈਟ੍ਰੋਜਨ ਡਾਈਆਕਸੀਡ ਦਾ ਨਿਕਾਸ ਜ਼ਿਆਦਾ ਸੀ, ਉਸ ਵਿਚ ਬਰਲਿਨ, ਹੈਮਬਰਗ, ਕੋਲੋਨ, ਡਸੇਲਡਾਰਫ, ਮਿਊਨਿਖ ਅਤੇ ਸਟੱਟਗਾਰਟ ਇਲਾਕੇ ਸ਼ਾਮਲ ਹਨ।
ਇਸ ਵਿਚ ਪਾਇਆ ਗਿਆ ਕਿ ਸਟੱਟਗਾਰਟ ਅਤੇ ਰਾਈਨ-ਮੇਨ ਖੇਤਰ ਵਿਚ ਪ੍ਰਤੀ ਘੰਟਾ ਨਿਕਾਸ ਨੂੰ ਤੈਅ ਸੀਮਾ ਤੋਂ ਜ਼ਿਆਦਾ ਪਾਇਆ ਗਿਆ। ਰਾਈਨ-ਮੇਨ ਖੇਤਰ ਵਿਚ ਫ੍ਰੈਂਕਫਰਟ ਵੀ ਸ਼ਾਮਲ ਹੈ। ਯੂਰਪੀ ਯੂਨੀਅਨ ਦੇ ਕਾਰਜਕਾਰੀ ਕਮਿਸ਼ਨ ਵੱਲੋਂ 2018 ਵਿਚ ਇਹ ਮਾਮਲਾ ਅਦਾਲਤ ਵਿਚ ਚੁੱਕਿਆ ਗਿਆ ਸੀ। ਅਦਾਲਤ ਨੇ ਕਿਹਾ ਕਿ ਜਰਮਨੀ ਨਾਈਟ੍ਰੋਜਨ ਡਾਈਆਕਸਾਈਡ ਦੀ ਸੀਮਾ ਨੂੰ ਉਕਤ ਮਿਆਦ ਵਿਚ ਘੱਟ ਰੱਖਣ ਲਈ ਹਵਾ ਗੁਣਵੱਤਾ ਯੋਜਨਾ ਦੇ ਉਪਾਵਾਂ ਨੂੰ ਲਾਗੂ ਕਰਨ ਵਿਚ ਵੀ ਨਾਕਾਮ ਰਿਹਾ।