ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਦਿੱਲੀ ਦੇ AIIMS ਹਸਪਤਾਲ ਵਿੱਚ ਦਾਖਲ ਹਨ। ਇਸ ਦੌਰਾਨ ਕਈ ਸਿਆਸੀ ਆਗੂ ਉਨ੍ਹਾਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚ ਰਹੇ ਹਨ ਇਸੇ ਦੌਰਾਨ ਬੀਤੇ ਦਿਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਵੀ ਉਨ੍ਹਾਂ ਦਾ ਹਾਲ-ਚਾਲ ਪਤਾ ਕਰਨ ਲਈ AIIMS ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮਨਮੋਹਨ ਸਿੰਘ ਨਾਲ ਇੱਕ ਫੋਟੋ ਖਿਚਵਾ ਕੇ ਉਸਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਜਿਸ ਤੋਂ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਗਈ। ਇਸ ਫੋਟੋ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਵੱਲੋਂ ਇਤਰਾਜ਼ ਜਤਾਇਆ ਗਿਆ ਹੈ।ਇਸ ਤਸਵੀਰ ‘ਤੇ ਇਤਰਾਜ਼ ਜਤਾਉਂਦਿਆਂ ਉਂਨ੍ਹਾ ਦੀ ਬੇਟੀ ਦਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਸਪਤਾਲ ਵਿੱਚ ਹਨ,ਉਹ ਬਜ਼ੁਰਗ ਹਨ ਕੋਈ ਚਿੜੀਆਘਰ ਦੇ ਜਾਨਵਰ ਨਹੀਂ। ਜਿਸ ਕਾਰਨ ਸਭ ਨੂੰ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਰੱਖਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਹਸਪਤਾਲ ਵਿੱਚ ਡੇਂਗੂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਪਰ ਉਨ੍ਹਾਂ ਦੀ ਇਨਿਊਨਿਟੀ ਘੱਟ ਗਈ ਹੈ। ਇਨਫੈਕਸ਼ਨ ਦੇ ਖਤਰੇ ਦੇ ਮੱਦੇਨਜ਼ਰ ਮੁਲਾਕਾਤ ਕਰਨ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ।ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਮੇਰੇ ਪਿਤਾ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ, ਜੋ ਕਿ ਬਹੁਤ ਵਧੀਆ ਗੱਲ ਹੈ। ਉਨ੍ਹਾਂ ਨੂੰ ਆਉਂਦੇ ਵੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਪਰ ਮੇਰੇ ਮਾਤਾ-ਪਿਤਾ ਇਸ ਸਮੇਂ ਫੋਟੋਆਂ ਖਿਚਵਾਉਣ ਦੀ ਹਾਲਤ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮੇਰੀ ਮਾਂ ਨੇ ਜ਼ੋਰ ਦੇ ਕੇ ਫੋਟੋਗ੍ਰਾਫਰ ਨੂੰ ਕਮਰਾ ਛੱਡਣ ਲਈ ਕਿਹਾ ਪਰ ਉਨ੍ਹਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।