ਅਗਲੇ ਸਾਲ ਹੋਣ ਵਾਲੇ ਦੇ 94ਵੇਂ ਅਕੈਡਮੀ ਐਵਾਰਡ ਲਈ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ 14 ਫਿਲਮਾਂ ਨੂੰ ਸ਼ਾਰਟਲਿਸਟ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਵਿੱਕੀ ਕੌਸ਼ਲ ਸਟਾਰਰ ਫਿਲਮ ‘ਸਰਦਾਰ ਊਧਮ’ ਸੀ। ਪਰ ਜਿਊਰੀ ਨੇ ਇਹ ਕਹਿ ਕੇ ਫ਼ਿਲਮ ਨੂੰ ਰੇਸ ਤੋਂ ਬਾਹਰ ਕਰ ਦਿੱਤਾ ਕਿ ਇਹ ਫ਼ਿਲਮ ਅੰਗਰੇਜ਼ਾਂ ਪ੍ਰਤੀ ਨਫ਼ਰਤ ਨੂੰ ਦਰਸਾਉਂਦੀ ਹੈ।
ਆਸਕਰ ਐਵਾਰਡ ਦੇ ਲਈ ਭਾਰਤ ਵਲੋਂ ਤਾਮਿਲ ਫਿਲਮ “ਕੁਝੰਗਲ” ਨੂੰ ਆਫੀਸ਼ੀਅਲ ਐਂਟਰੀ ਵਜੋਂ ਚੁਣਿਆ ਗਿਆ ਹੈ। ਸਾਲ 2021 ਲਈ ਆਸਕਰ ਐਵਾਰਡ ਸਮਾਗਮ 27 ਮਾਰਚ, 2022 ਨੂੰ ਲਾਸ ਏਂਜਲਸ ਵਿੱਚ ਹੋਵੇਗਾ। ਜਦਕਿ ਇਸ ਲਈ ਨੌਮੀਨੇਸ਼ਨ ਦਾ ਐਲਾਨ 8 ਫਰਵਰੀ 2022 ਨੂੰ ਕੀਤਾ ਜਾਵੇਗਾ।
ਹਾਲਾਂਕਿ, ਸ਼ੂਜੀਤ ਸਰਕਾਰ ਦੁਆਰਾ ਡਾਇਰੈਕਟਡ ਫਿਲਮ ‘ਸਰਦਾਰ ਊਧਮ’ ਬਾਰੇ ਜਿਊਰੀ ਦੇ ਬਿਆਨ ‘ਤੇ ਫੈਨਜ਼ ਸੋਸ਼ਲ ਮੀਡੀਆ ‘ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਫੈਨਜ਼ ਦਾ ਸਾਫ ਕਹਿਣਾ ਹੈ ਕਿ ਫਿਲਮ ਸੱਚ ਬਿਆਨ ਕਰਦੀ ਹੈ, ਨਫਰਤ ਨਹੀਂ ਫੈਲਾਉਂਦੀ।
ਫਿਲਮ ਨੂੰ ਆਸਕਰ ਲਈ ਨਾ ਚੁਣੇ ਜਾਣ ਬਾਰੇ ਗੱਲ ਕਰਦਿਆਂ ਜਿਊਰੀ ਮੈਂਬਰ ਇੰਦਰਦੀਪ ਦਾਸਗੁਪਤਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ”ਸਰਦਾਰ ਊਧਮ ਵਧੀਆ ਸਿਨੇਮੈਟੋਗ੍ਰਾਫੀ ਵਾਲੀ ਵਧੀਆ ਫਿਲਮ ਹੈ ਜੋ ਪੂਰੀ ਤਰ੍ਹਾਂ ਇੰਟਰਨੈਸ਼ਨਲ ਮਾਪਦੰਡਾਂ ਨਾਲ ਮੇਲ ਖਾਂਦੀ ਹੈ ਪਰ ਇਹ ਫਿਲਮ ਥੋੜੀ ਲੰਬੀ ਹੈ ਅਤੇ ਆਧਾਰਿਤ ਹੈ ਜਲ੍ਹਿਆਂਵਾਲਾ ਬਾਗ ਦੇ ਸਾਕੇ ‘ਤੇ। ਇਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਇੱਕ ਅਣਗੌਲੇ ਨਾਇਕ ‘ਤੇ ਇੱਕ ਸ਼ਾਨਦਾਰ ਫਿਲਮ ਬਣਾਉਣ ਦੀ ਇੱਕ ਸੁਹਿਰਦ ਕੋਸ਼ਿਸ਼ ਹੈ। ਪਰ ਇਹ ਫ਼ਿਲਮ ਅੰਗਰੇਜ਼ਾਂ ਪ੍ਰਤੀ ਸਾਡੀ ਨਫ਼ਰਤ ਨੂੰ ਦਰਸਾਉਂਦੀ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿੱਚ ਇਸ ਨਫ਼ਰਤ ਨੂੰ ਫੜੀ ਰੱਖਣਾ ਠੀਕ ਨਹੀਂ ਹੈ।