ਪੰਜਾਬੀ ਗਾਇਕ ਤੇ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ (Sidhu Musewala) ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਿੱਧੂ ਮੂਸੇਵਾਲਾ ਨੂੰ ਆਪਣੇ ਗੀਤ ‘ਸੰਜੂ’ (Song Sanju) ਵਿੱਚ ਵਕੀਲਾਂ ਵਿਰੁੱਧ ਗ਼ਲਤ ਸ਼ਬਦਾਵਲੀ ਬੋਲਣ ਦੇ ਮਾਮਲੇ ਵਿੱਚ ਅੱਜ ਅਦਾਲਤ ਨੇ ਸੰਮਨ ਜਾਰੀ ਕਰਕੇ 29 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਇਸ ਤੋਂ ਪਹਿਲਾਂ ਵਕੀਲ ਸੁਨੀਲ ਨੇ ਸਿੱਧੂ ਮੂਸੇਵਾਲਾ ਨੂੰ ਕਈ ਵਾਰੀ ਕਾਨੂੰਨੀ ਨੋਟਿਸ ਵੀ ਭੇਜੇ ਗਏ ਸਨ ਪਰ ਸਿੱਧੂ ਮੂਸੇਵਾਲਾ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਪਿੰਡ ਦੇ ਸਰਪੰਚ ਨੂੰ ਵੀ ਨੋਟਿਸ ਭੇਜਿਆ ਗਿਆ ਸੀ ਪਰ ਉਸ ਨੇ ਵੀ ਇਸ ਨੂੰ ਨਹੀਂ ਲਿਆ ਸੀ। ਜਿਸ ਤੋਂ ਬਾਅਦ ਹੁਣ ਅਦਾਲਤ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਮਨ ਜਾਰੀ ਕੀਤੇ ਹਨ ਅਤੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਇਸ ਨਾਲ ਹੀ ਸ਼ਿਕਾਇਤ ਕਰਤਾ ਵੱਲੋਂ ਗਾਇਕ ਮਨਕੀਰਤ ਔਲਖ (Mankirat Aulakh) ਨੂੰ ਵੀ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿੱਚ ਬੰਦੂਕ ਸੱਭਿਆਚਾਰ , ਡਰੱਗਜ਼ ਅਤੇ ਅਪਸ਼ਬਦ ਵਾਲੇ ਗੀਤਾਂ ਨੂੰ ਲੈ ਕੇ ਕਈ ਗੀਤਕਾਰ ਅਦਾਲਤ ਦੀ ਨਜ਼ਰ ਵਿੱਚ ਹਨ।
ਦੱਸ ਦੇਈਏ ਕਿ ਇਸ ਗੀਤ ਨੂੰ ਲੈ ਕੇ ਮੂਸੇਵਾਲਾ ਖਿਲਾਫ ਚੰਡੀਗੜ੍ਹ ਜ਼ਿਲਾ ਅਦਾਲਤ ‘ਚ ਕੇਸ ਵੀ ਦਾਇਰ ਕੀਤਾ ਗਿਆ ਸੀ। ਇਸ ਸਬੰਧੀ ਅਦਾਲਤ ਨੇ ਉਸ ਨੂੰ ਸੰਮਨ ਭੇਜ ਕੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਵਕੀਲ ਸੁਨੀਲ ਮਲਨ ਨੇ 6 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ਨੂੰ ਸਭ ਤੋਂ ਵਿਵਾਦਿਤ ਪੰਜਾਬੀ ਗਾਇਕਾਂ ਵਿੱਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਉੱਤੇ ਖੁੱਲ੍ਹੇਆਮ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਭੜਕਾਊ ਗੀਤਾਂ ਵਿੱਚ ਗੈਂਗਸਟਰਾਂ ਦੀ ਵਡਿਆਈ ਦੇ ਇਲਜ਼ਮ ਹਨ।
ਮੂਸੇਵਾਲਾ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਉਸਦੇ ਇੱਕ ਗੀਤ ਵਿੱਚ ਹਿੰਸਾ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਮਈ 2020 ਵਿੱਚ ਬਰਨਾਲਾ ਦੇ ਇੱਕ ਪਿੰਡ ਵਿੱਚ ਫਾਇਰਿੰਗ ਰੇਂਜ ਵਿੱਚ ਗੋਲੀਬਾਰੀ ਕਰਨ ਵਾਲੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਵਿਰੁੱਧ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਸੰਗਰੂਰ ਦੀ ਇੱਕ ਅਦਾਲਤ ਨੇ ਬਾਅਦ ਵਿੱਚ ਉਸਨੂੰ ਜ਼ਮਾਨਤ ਦੇ ਦਿੱਤੀ ਸੀ।