Amritvele da Hukamnama Sri Darbar Sahib, Sri Amritsar, Ang 899, 01-Oct-2022
ਰਾਮਕਲੀ ਮਹਲਾ ੫ ॥ ਨਾ ਤਨੁ ਤੇਰਾ ਨਾ ਮਨੁ ਤੋਹਿ ॥ ਮਾਇਆ ਮੋਹਿ ਬਿਆਪਿਆ ਧੋਹਿ ॥ ਕੁਦਮ ਕਰੈ ਗਾਡਰ ਜਿਉ ਛੇਲ ॥ ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ॥੧॥ ਹਰਿ ਚਰਨ ਕਮਲ ਸਰਨਾਇ ਮਨਾ ॥ ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥ ਊਨੇ ਕਾਜ ਨ ਹੋਵਤ ਪੂਰੇ ॥ ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ ॥ ਕਰੈ ਬਿਕਾਰ ਜੀਅਰੇ ਕੈ ਤਾਈ ॥ ਗਾਫਲ ਸੰਗਿ ਨ ਤਸੂਆ ਜਾਈ ॥੨॥ ਧਰਤ ਧੋਹ ਅਨਿਕ ਛਲ ਜਾਨੈ ॥ ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ॥ ਜਿਨਿ ਦੀਆ ਤਿਸੈ ਨ ਚੇਤੈ ਮੂਲਿ ॥ ਮਿਥਿਆ ਲੋਭੁ ਨ ਉਤਰੈ ਸੂਲੁ ॥੩॥ ਪਾਰਬ੍ਰਹਮ ਜਬ ਭਏ ਦਇਆਲ ॥ ਇਹੁ ਮਨੁ ਹੋਆ ਸਾਧ ਰਵਾਲ ॥ ਹਸਤ ਕਮਲ ਲੜਿ ਲੀਨੋ ਲਾਇ ॥ ਨਾਨਕ ਸਾਚੈ ਸਾਚਿ ਸਮਾਇ ॥੪॥੪੧॥੫੨॥
ਅਰਥ: ਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ। ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ।੧।ਰਹਾਉ।
(ਹੇ ਭਾਈ! ਇਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈਂ, ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ। (ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ, (ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ) ।੧।
ਜੀਵ ਦੇ ਇਹ ਕਦੇ ਨਾਹ ਮੁੱਕ ਸਕਣ ਵਾਲੇ ਕੰਮ ਕਦੇ ਸਿਰੇ ਨਹੀਂ ਚੜ੍ਹਦੇ; ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਮਾਇਆ ਦੇ ਨਸ਼ੇ ਵਿਚ ਜੀਵ ਸਦਾ ਹੀ ਗਿਲੇ-ਗੁਜ਼ਾਰੀਆਂ ਕਰਦਾ ਰਹਿੰਦਾ ਹੈ। ਆਪਣੀ ਇਸ ਜਿੰਦ (ਨੂੰ ਸੁਖ ਦੇਣ) ਦੀ ਖ਼ਾਤਰ ਜੀਵ ਵਿਕਾਰ ਕਰਦਾ ਰਹਿੰਦਾ ਹੈ, ਪਰ (ਰੱਬ ਦੀ ਯਾਦ ਵਲੋਂ) ਅਵੇਸਲੇ ਹੋ ਚੁਕੇ ਜੀਵ ਦੇ ਨਾਲ (ਦੁਨੀਆ ਦੇ ਪਦਾਰਥਾਂ ਵਿਚੋਂ) ਰਤਾ ਭੀ ਨਹੀਂ ਜਾਂਦਾ।੨।
ਮੂਰਖ ਜੀਵ ਅਨੇਕਾਂ ਠੱਗੀਆਂ ਕਰਦਾ ਹੈ, ਅਨੇਕਾਂ ਫ਼ਰੇਬ ਕਰਨੇ ਜਾਣਦਾ ਹੈ। ਕੌਡੀ ਕੌਡੀ ਕਮਾਣ ਦੀ ਖ਼ਾਤਰ ਆਪਣੇ ਸਿਰ ਉਤੇ (ਦਗ਼ੇ-ਫ਼ਰੇਬ ਦੇ ਕਾਰਨ ਬਦਨਾਮੀ ਦੀ) ਸੁਆਹ ਪਾਂਦਾ ਫਿਰਦਾ ਹੈ। ਜਿਸ (ਪ੍ਰਭੂ) ਨੇ (ਇਸ ਨੂੰ ਇਹ ਸਭ ਕੁਝ) ਦਿੱਤਾ ਹੈ ਉਸ ਨੂੰ ਇਹ ਬਿਲਕੁਲ ਯਾਦ ਨਹੀਂ ਕਰਦਾ। (ਇਸ ਦੇ ਅੰਦਰ) ਨਾਸਵੰਤ ਪਦਾਰਥਾਂ ਦਾ ਲੋਭ ਟਿਕਿਆ ਰਹਿੰਦਾ ਹੈ (ਇਹਨਾਂ ਦੀ) ਚੋਭ (ਇਸ ਦੇ ਅੰਦਰੋਂ) ਕਦੇ ਨਹੀਂ ਦੂਰ ਹੁੰਦੀ।੩।
ਹੇ ਨਾਨਕ! ਪਰਮਾਤਮਾ ਜਦੋਂ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਉਸ ਜੀਵ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ। ਗੁਰੂ ਉਸ ਨੂੰ ਆਪਣੇ ਸੋਹਣੇ ਹੱਥਾਂ ਨਾਲ ਆਪਣੇ ਪੱਲੇ ਲਾ ਲੈਂਦਾ ਹੈ, ਤੇ, (ਉਹ ਭਾਗਾਂ ਵਾਲਾ) ਸਦਾ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ।੪।੪੧।੫੨।