ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਬੰਦ 2 ਗੈਂਗਸਟਰਾਂ ਦਾ ਗੈਂਗਵਾਰ ਦੌਰਾਨ ਕਤਲ ਹੋ ਗਿਆ ਹੈ, ਜਦਕਿ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਗੋਇੰਦਵਾਲ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਆਪਸ ਵਿੱਚ ਝੜਪ ਹੋ ਗਈ। ਮ੍ਰਿਤਕ ਦੀ ਪਹਿਚਾਣ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲੇ ਦੇ ਕਤਲ ਵਿਚ ਨਾਮਜ਼ਦ ਗੈਂਗਸਟਰ ਮਨਦੀਪ ਸਿੰਘ ਉਰਫ਼ ਤੁਫ਼ਾਨ ਪੁੱਤਰ ਹਰਭਜਨ ਸਿੰਘ ਵਾਸੀ ਬਟਾਲਾ, ਗੈਂਗਸਟਰ ਮਨਮੋਹਨ ਸਿੰਘ ਮੋਹਣਾ ਪੁੱਤਰ ਦਰਸ਼ਨ ਸਿੰਘ ਅਤੇ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਬਠਿੰਡਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਆਪਸ ਭਿੜੇ ਸਨ। ਇਸ ਦੌਰਾਨ ਇਕ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ ਸੀ, ਜਦਕਿ ਦੂਜੇ ਦੀ ਬਾਅਦ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਤਿੰਨਾਂ ਦੇ ਸਿਰਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਸੱਟਾਂ ਵੱਜੀਆਂ ਹਨ।
ਇਸ ਘਟਨਾ ਦੌਰਾਨ ਮਨਦੀਪ ਸਿੰਘ ਤੂਫ਼ਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਮੌਤ ਹੋ ਗਈ, ਜਦਕਿ ਗੈਂਗਸਟਰ ਕੇਸ਼ਵ ਗੰਭੀਰ ਰੂਪ ਵਿਚ ਜ਼ਖ਼ਮੀ ਹੈ, ਜਿਸ ਦੇ ਸਿਰ ‘ਤੇ ਸੱਟਾਂ ਹਨ। ਤਰਨਤਾਰਨ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਤੋਂ ਲਿਆਂਦੇ ਗਏ ਤਿੰਨਾਂ ਜ਼ਖ਼ਮੀਆਂ ‘ਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਤੀਜੇ ਗੈਂਗਸਟਰ ਕੇਸ਼ਵ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਭਾਰੀ ਸੁਰੱਖਿਆ ‘ਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।