ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਨੇ ਭਾਈਚਾਰੇ ਦੇ ਨਾਮੀ ਮੈਂਬਰ ਅਤੇ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਫ਼ੈਡਰਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਭਾਈਚਾਰੇ ਵੱਲੋਂ ਪਟੀਸ਼ਨ ਵਿਚ ਨਿੱਝਰ ਦੇ ਕਤਲ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਦਿਆਂ ਇਸ ਮਾਮਲੇ ਦੀ ਫ਼ੈਡਰਲ ਜਾਂਚ ਲਈ ਜ਼ੋਰ ਪਾਇਆ ਗਿਆ ਹੈ।
18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦਾ ਗੁਰਦੁਆਰੇ ਦੇ ਪਾਰਕਿੰਗ ਲਾਟ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ।
ਜਾਂਚ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਦੋ ਸ਼ੱਕੀਆਂ ਦੀ ਪਛਾਣ ਕੀਤੀ ਹੈ, ਪਰ ਇਸ ਕਤਲ ਦੇ ਮਕਸਦ ਬਾਰੇ ਬਹੁਤੇ ਵੇਰਵੇ ਮੌਜੂਦ ਨਹੀਂ ਹਨ।
ਗੁਰਦੁਆਰੇ ਦੇ ਹੋਰ ਲੀਡਰਾਂ ਅਤੇ ਇਲਾਕੇ ਦੇ ਐਮਪੀ ਅਨੁਸਾਰ, ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਕਤਲ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਨਤੀਜਾ ਹੈ ਲਿਹਾਜ਼ਾ ਇਸ ਮਾਮਲੇ ਦੀ ਜਾਂਚ ਫ਼ੈਡਰਲ ਸਰਕਾਰ ਨੂੰ ਕਰਨੀ ਚਾਹੀਦੀ ਹੈ।
ਗੁਰਦੁਆਰੇ ਦੇ ਸਕੱਤਰ, ਗੁਰਮੀਤ ਸਿੰਘ ਤੂਰ ਨੇ ਕਿਹਾ, ਲੋਕ ਹਮੇਸ਼ਾ ਇਹ ਪੁੱਛਦੇ ਰਹਿੰਦੇ ਹਨ, ਤਫ਼ਸੀਲ ਮੰਗਦੇ ਹਨ…ਕਿ ਇਸ ਸਭ ਪਿੱਛੇ ਕੌਣ ਹੈ?
ਇਸ ਮਹੀਨੇ ਦੇ ਸ਼ੁਰੂ ਵਿਚ ਗੁਰਮੀਤ ਨੇ ਇੱਕ ਫ਼ੈਡਰਲ ਈ-ਪਟੀਸ਼ਨ (ਨਵੀਂ ਵਿੰਡੋ) ਵੀ ਦਾਇਰ ਕੀਤੀ ਜਿਸ ਵਿਚ ਸਰਕਾਰ ਨੂੰ ਜਾਂਚ ਸ਼ੁਰੂ ਕਰਨ ਅਤੇ ਬੇਰਹਿਮੀ ਨਾਲ ਕੀਤੇ ਇਸ ਕਤਲ ਦਾ ਮਕਸਦ ਅਤੇ ਇਸਨੂੰ ਅੰਜਾਮ ਦੇਣ ਵਾਲਿਆਂ ਦਾ ਪਰਦਾਫ਼ਾਸ਼ ਕਰਨ ਲਈ ਆਖਿਆ ਗਿਆ ਹੈਈ-ਪਟੀਸ਼ਨ (ਨਵੀਂ ਵਿੰਡੋ) ਦੀ ਵਰਤੋਂ ਕਿਸੇ ਅਹਿਮ ਜਨਤਕ ਹਿੱਤ ਜਾਂ ਚਿੰਤਾ ਦੇ ਮੁੱਦੇ ‘ਤੇ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ ਅਤੇ ਹਾਊਸ ਔਫ਼ ਕੌਮਨਜ਼, ਫ਼ੈਡਰਲ ਸਰਕਾਰ, ਮੰਤਰੀ ਜਾਂ ਐਮਪੀ ਨੂੰ ਕਾਰਵਾਈ ਦੀ ਬੇਨਤੀ ਕੀਤੀ ਜਾਂਦੀ ਹੈ।
ਗੁਰਮੀਤ ਤੂਰ ਦੀ ਪਟੀਸ਼ਨ ਨੂੰ ਲਿਬਰਲ ਐਮਪੀ ਸੁੱਖ ਧਾਲੀਵਾਲ ਨੇ ਸਪੌਂਸਰ ਕੀਤਾ ਹੈ, ਜੋਕਿ ਸਰੀ-ਨਿਊਟਨ ਤੋਂ ਐਮਪੀ ਹਨ।
ਐਮਪੀ ਧਾਲੀਵਾਲ ਨੇ ਕਿਹਾ, ਭਾਈਚਾਰੇ ਦੇ ਲੋਕ ਮੇਰੇ ਕੋਲ ਆਏ ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ [ਨਿਝਰ ਦੀ ਮੌਤ] ਦੀ ਸੱਚਾਈ ਸਾਹਮਣੇ ਲਿਆਉਣ ਲਈ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ।
ਧਾਲੀਵਾਲ ਨੇ ਕਿਹਾ ਕਿ ਪਟੀਸ਼ਨ ਨੂੰ ਸਪੌਂਸਰ ਕਰਨਾ ਉਨ੍ਹਾਂ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਿੱਝਰ ਦੀ ਮੌਤ ਤੋਂ ਬਾਅਦ ਕੁਝ ਲੋਕਾਂ ਨੂੰ ਆਪਣੀ ਸੁਰੱਖਿਆ ਨੂੰ ਲੈਕੇ ਵੀ ਡਰ ਹੈ।
ਧਾਲੀਵਾਲ ਨੇ ਕਿਹਾ ਕਿ ਉਹ ਨਿੱਝਰ ਦੀ ਹੱਤਿਆ ਤੋਂ ਬਾਅਦ ਸਾਬਕਾ ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚੀਨੋ ਅਤੇ ਸਰੀ ਵਿਚ ਭਾਈਚਾਰੇ ਦੇ ਲੀਡਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਲੀਡਰਾਂ ਵੱਲੋਂ ਮੁੱਖ ਸਵਾਲ ਇਹ ਸੀ ਕਿ ਕੀ ਇਸ ਕਤਲ ਵਿੱਚ ਭਾਰਤ ਦੀ ਕੋਈ ਭੂਮਿਕਾ ਸੀ।
ਨਿੱਝਰ ਖ਼ਾਲਿਸਤਾਨ ਹਮਾਇਤੀ ਜੱਥੇਬੰਦੀ ਸਿੱਖਸ ਫ਼ਾਰ ਜਸਟਿਸ ਜੱਥੇਬੰਦੀ ਨਾਲ ਵੀ ਜੁੜੇ ਹੋਏ ਸਨ I ਉਹ ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਪ੍ਰਧਾਨ ਵੀ ਸਨ Iਹਰਦੀਪ ਨਿੱਝਰ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸੰਬੰਧਿਤ ਸਨ। ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ ਉੱਪਰ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਭਾਰਤ ਦੀ ਅੱਤਵਾਦ ਰੋਕੂ ਸੰਸਥਾ ਨੇ ਨਿੱਝਰ ਨੂੰ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ‘ਤੇ ਇੱਕ ਭਗੌੜਾ ਅੱਤਵਾਦੀ ਵੀ ਕਰਾਰ ਦਿੱਤਾ ਸੀ।
ਗੁਰਮੀਤ ਸਿੰਘ ਤੂਰ ਦੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਨਿੱਝਰ ਕੈਨੇਡੀਅਨ ਸਿੱਖ ਭਾਈਚਾਰੇ ਦਾ ਇੱਕ ਈਮਾਨਦਾਰ, ਰੱਬ ਦਾ ਭੈ ਰੱਖਣ ਵਾਲਾ, ਕਾਨੂੰਨ ਦਾ ਪਾਲਣ ਕਰਨ ਵਾਲਾ ਅਤੇ ਸ਼ਾਂਤਮਈ ਮੈਂਬਰ ਸੀ ਜਿਸ ਦੀ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ।
ਬੀਸੀ ਵਿਚ ਆਰਸੀਐਮਪੀ ਦੀ ਇੰਟੈਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਅਜੇ ਤੱਕ ਇਸ ਕਤਲ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਨਹੀਂ ਜੋੜਿਆ ਹੈ ਅਤੇ ਕਿਹਾ ਹੈ ਕਿ ਕੈਨੇਡਾ ਵਿਚ ਸਿੱਖ ਭਾਈਚਾਰੇ ਨੂੰ ਖ਼ਤਰੇ ਵਿਚ ਮੰਨਣ ਦਾ ਕੋਈ ਕਾਰਨ ਨਹੀਂ ਹੈ।
ਇੱਕ ਈਮੇਲ ਵਿਚ IHIT ਨੇ ਸੀਬੀਸੀ ਨਿਊਜ਼ ਨੂੰ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਜਾਰੀ ਹੈ ਪਰ ਉਹ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।
ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਸੰਭਾਵਿਤ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ।ਗ਼ੌਰਤਲਬ ਹੈ ਕਿ ਦੋ ਨਾਮੀ ਸਿੱਖ ਸੰਗਠਨ – ਬ੍ਰਿਟਿਸ਼ ਕੋਲੰਬੀਆ ਗੁਰਦੁਆਰਾਜ਼ ਕੌਂਸਲ ਅਤੇ ਓਨਟੇਰਿਓ ਗੁਰਦੁਆਰਾਜ਼ ਕਮੇਟੀ – ਕੈਨੇਡੀਅਨ ਰਾਜਨੀਤੀ ਵਿਚ ਭਾਰਤ ਦੀ ਦਖ਼ਲਅੰਦਾਜ਼ੀ ਦੀ ਜਾਂਚ ਕਰਾਉਣ ਦੀ ਮੰਗ ਕਰ ਚੁੱਕੇ ਹਨ।
ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੈਨੇਡਾ ਵਿੱਚ ਕਿਸੇ ਵੀ ਸੰਭਾਵੀ ਵਿਦੇਸ਼ੀ ਦਖ਼ਲ ਦਾ ਜਵਾਬ ਦੇਣ ਅਤੇ ਨਿੱਝਰ ਦੇ ਕਤਲ ਬਾਰੇ ਉੱਤਰ ਦੇਣ ਲਈ ਵਚਨਬੱਧ ਹੈ।
ਈ-ਪਟੀਸ਼ਨ ਨੂੰ ਹਾਊਸ ਔਫ਼ ਕੌਮਨਜ਼ ਵਿੱਚ ਪੇਸ਼ ਕਰਨ ਲਈ ਇੱਕ ਐਮਪੀ ਦੁਆਰਾ ਪ੍ਰਮਾਣਿਤ ਹੋਣ ਲਈ 500 ਦਸਤਖ਼ਤਾਂ ਦੀ ਲੋੜ ਹੁੰਦੀ ਹੈ। ਤੂਰ ਦੀ ਪਟੀਸ਼ਨ ‘ਤੇ 900 ਦੇ ਕਰੀਬ ਦਸਤਖ਼ਤ ਹੋ ਚੁੱਕੇ ਹਨ। 3 ਅਗਸਤ ਨੂੰ ਇਹ ਪਟੀਸ਼ਨ ਬੰਦ ਹੋਵੇਗੀ।
ਸਰਕਾਰ ਨੂੰ ਸਦਨ ਵਿੱਚ ਪੇਸ਼ ਕੋਈ ਹਰ ਪਟੀਸ਼ਨ ਦਾ 45 ਦਿਨਾਂ ਦੇ ਅੰਦਰ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ।