ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮੁਸਲਿਮ ਬਹੁਗਿਣਤੀ ਵਾਲੇ ਕੁਝ ਚੋਣਵੇਂ ਦੇਸ਼ਾਂ ਦੇ ਲੋਕਾਂ ’ਤੇ ਵਿਵਾਦਮਈ ਯਾਤਰਾ ਪਾਬੰਦੀ ਮੁੜ ਸ਼ੁਰੂ ਕਰਨ ਦੀ ਕਸਮ ਖਾਧੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਣਦੇ ਹੀ ਉਹ ਪਹਿਲੇ ਦਿਨ ਤੋਂ ਇਹ ਪਾਬੰਦੀ ਮੁੜ ਲਾਗੂ ਕਰਨਗੇ। ਇਸ ਬਿਆਨ ਦੀ ਵ੍ਹਾਈਟ ਹਾਊਸ ਨੇ ਆਲੋਚਨਾ ਕੀਤੀ ਹੈ। ਉਹ ਸ਼ਨਿਚਰਵਾਰ ਨੂੰ ਰਿਪਬਲਿਕਨ ਯਹੂਦੀ ਗਠਜੋੜ ਦੇ ਸਾਲਾਨਾ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਅਸੀਂ ਯਾਤਰਾ ’ਤੇ ਪਾਬੰਦੀ ਇਸ ਲਈ ਲਗਾਈ ਸੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਨ ਕਿ ਅਮਰੀਕਾ ’ਚ ਅਜਿਹੇ ਲੋਕ ਆਉਣ ਜਿਹੜੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਬੇਮਿਸਾਲ ਕਾਮਯਾਬੀ ਸੀ।
ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ’ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੇ ਕਿਹਾ ਕਿ ਸਾਡੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਇਕ ਵੀ ਘਟਨਾ ਨਹੀਂ ਵਾਪਰੀ ਕਿਉਂਕਿ ਅਸੀਂ ਬੁਰੇ ਲੋਕਾਂ ਨੂੰ ਦੇਸ਼ ’ਚੋਂ ਬਾਹਰ ਰੱਖਿਆ। ਜ਼ਿਕਰਯੋਗ ਹੈ ਕਿ 2017 ’ਚ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਈਰਾਨ, ਲੀਬੀਆ, ਸੋਮਾਲੀਆ, ਸੀਰੀਆ, ਯਮਨ ਤੇ ਸ਼ੁਰੂਆਤ ’ਚ ਇਰਾਕ ਤੇ ਸੂਡਾਨ ਤੋਂ ਯਾਤਰੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਸੀ।
ਹਾਲਾਂਕਿ ਜਦੋਂ ਜੋਅ ਬਾਇਡਨ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ ਪਾਬੰਦੀ ਹਟਾ ਦਿੱਤੀ ਸੀ। ਉੱਧਰ, ਰਿਪਬਲਿਕਨ ਅਹੁਦੇ ਦੀ ਉਮੀਦਵਾਰੀ ਲਈ ਮੁਕਾਬਲਾ ਕਰ ਰਹੀ ਭਾਰਤਵੰਸ਼ੀ ਨਿੱਕੀ ਹੇਲੀ ਨੇ ਟਰੰਪ ’ਤੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ 2024 ਦੀ ਚੋਣ ’ਚ ਡੋਨਾਲਡ ਟਰੰਪ ਦੀ ਜਿੱਤ ਦਾ ਨਤੀਜਾ ਚਾਰ ਸਾਲ ਦੀ ਅਰਾਜਕਤਾ, ਬਦਲੇ ਤੇ ਨਾਟਕ ਹੋਣਗੇ ਜੋ ਅਮਰੀਕਾ ਲਈ ਖ਼ਤਰਨਾਕ ਸਾਬਤ ਹੋਵੇਗਾ।