ਅਫਗਾਨਿਸਤਾਨ ਨੇ ਵਿਸ਼ਵ ਕੱਪ 2023 ਵਿੱਚ ਆਪਣੀ ਤੀਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਸੋਮਵਾਰ ਨੂੰ 1996 ਦੀ ਵਿਸ਼ਵ ਚੈਂਪੀਅਨ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਨੇ ਇਸ ਸੀਜ਼ਨ ‘ਚ ਹੁਣ ਤੱਕ 3 ਸਾਬਕਾ ਚੈਂਪੀਅਨ ਟੀਮਾਂ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਟੀਮ ਨੇ ਪਾਕਿਸਤਾਨ ਅਤੇ ਇੰਗਲੈਂਡ ਨੂੰ ਵੀ ਹਰਾਇਆ ਸੀ।
ਹੁਣ ਅਫਗਾਨਿਸਤਾਨ ਦੇ 6 ਮੈਚਾਂ ‘ਚ 6 ਅੰਕ ਹਨ ਅਤੇ ਟੀਮ ਸੈਮੀਫਾਈਨਲ ਦੀ ਦੌੜ ‘ਚ ਬਣੀ ਹੋਈ ਹੈ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਇਸ ਹਾਰ ਤੋਂ ਬਾਅਦ ਟਾਪ-4 ਦੀ ਦੌੜ ਤੋਂ ਲਗਭਗ ਬਾਹਰ ਹੋ ਗਈ ਹੈ। ਉਸ ਦੇ 6 ਮੈਚਾਂ ‘ਚ ਸਿਰਫ 4 ਅੰਕ ਹਨ।ਪੁਣੇ ਦੇ ਮੈਦਾਨ ‘ਤੇ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ 49.3 ਓਵਰਾਂ ‘ਚ 241 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ‘ਚ ਅਫਗਾਨਿਸਤਾਨ ਨੇ 45.2 ਓਵਰਾਂ ‘ਚ 3 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ।
ਅਫਗਾਨਿਸਤਾਨ ਵੱਲੋਂ ਰਹਿਮਤ ਸ਼ਾਹ (62 ਦੌੜਾਂ), ਕਪਤਾਨ ਹਸ਼ਮਤੁੱਲਾ ਸ਼ਾਹਿਦੀ (58 ਦੌੜਾਂ), ਅਜ਼ਮਤੁੱਲਾ ਉਮਰਜ਼ਈ (73 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਦਰਾਨ (39 ਦੌੜਾਂ) ਨੇ ਅਹਿਮ ਪਾਰੀਆਂ ਖੇਡੀਆਂ। ਉਸ ਤੋਂ ਪਹਿਲਾਂ ਫਜ਼ਲਹਕ ਫਾਰੂਕੀ ਨੇ 4 ਅਤੇ ਮੁਜੀਬ ਉਰ ਰਹਿਮਾਨ ਨੇ 2 ਵਿਕਟਾਂ ਲਈਆਂ ਸਨ।