ਚੰਡੀਗੜ੍ਹ ਵਿੱਚ ਰੋਜ਼ਾਨਾ ਵੱਧ ਰਹੇ ਕੁੱਤਿਆਂ ਦੇ ਖ਼ਤਰੇ ਨੂੰ ਖਤਮ ਕਰਨ ਲਈ ਚੰਡੀਗੜ੍ਹ ਪਾਲਤੂ ਕੁੱਤਿਆਂ ਅਤੇ ਕਮਿਊਨਿਟੀ ਡੌਗਸ ਬਾਈਲਾਅ 2023 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਤਹਿਤ ਹੁਣ ਸ਼ਹਿਰ ਵਿੱਚ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਲੋਕ ਕਿਤੇ ਵੀ ਕਿਸੇ ਕੁੱਤੇ ਨੂੰ ਖਾਣਾ ਨਹੀਂ ਖੁਆ ਸਕਣਗੇ। ਇਸ ਦੇ ਲਈ ਵੱਖਰੀ ਜਗ੍ਹਾ ਨਿਰਧਾਰਿਤ ਕੀਤੀ ਜਾਵੇਗੀ।
ਦੱਸ ਦਈਏ ਕਿ ਨਗਰ ਨਿਗਮ ਵੱਲੋਂ 7 ਖਤਰਨਾਕ ਪ੍ਰਜਾਤੀਆਂ ਦੇ ਕੁੱਤਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਇਨ੍ਹਾਂ ਕੁੱਤਿਆਂ ਨੂੰ ਪਾਲਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਦੀ ਉਲੰਘਣਾ ਕਰਨ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਜਿਨ੍ਹਾਂ ਖਤਰਨਾਕ ਪ੍ਰਜਾਤੀਆਂ ਦੇ ਕੁੱਤਿਆਂ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ‘ਚ ਅਮਰੀਕਨ ਬੁੱਲਡੌਗ, ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ, ਰੋਟਵੀਲਰ ਸ਼ਾਮਿਲ ਹਨ।
ਜੇਕਰ ਤੁਸੀਂ ਕੁੱਤਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ 500 ਰੁਪਏ ਦੇ ਕੇ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਅਰਜ਼ੀ ਦੇ ਨਾਲ ਕੁੱਤੇ ਦੀਆਂ ਦੋ ਨਵੀਨਤਮ ਤਸਵੀਰਾਂ ਅਤੇ ਟੀਕਾਕਰਨ ਸਰਟੀਫਿਕੇਟ ਦੀ ਲੋੜ ਹੋਵੇਗੀ। ਕੁੱਤੇ ਨੂੰ ਮੈਟਲ ਟੋਕਨ ਦਿੱਤਾ ਜਾਵੇਗਾ। ਜਿਸ ਨੂੰ ਕੁੱਤੇ ਦੇ ਗਲ ਵਿੱਚ ਬੰਨ੍ਹਣਾ ਪਵੇਗਾ। ਇਹ ਰਜਿਸਟ੍ਰੇਸ਼ਨ ਉਮਰ ਭਰ ਲਈ ਹੋਵੇਗੀ ਪਰ ਇਸ ਨੂੰ ਹਰ 5 ਸਾਲ ਬਾਅਦ ਰਿਨਿਊ ਕਰਵਾਉਣ ਦੀ ਲੋੜ ਹੋਵੇਗੀ।