Home » ਮੋਦੀ ਨੇ ‘ਟੈਕਸ ਟੈਰਰਿਜ਼ਮ’ ਨਾਲ ਤੋੜੀ ਮੱਧ ਵਰਗ ਦੀ ਕਮਰ : ਰਾਹੁਲ
Home Page News India India News

ਮੋਦੀ ਨੇ ‘ਟੈਕਸ ਟੈਰਰਿਜ਼ਮ’ ਨਾਲ ਤੋੜੀ ਮੱਧ ਵਰਗ ਦੀ ਕਮਰ : ਰਾਹੁਲ

Spread the news

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ‘ਟੈਕਸ ਟੈਰਰਿਜ਼ਮ’ ਰਾਹੀਂ ਮੱਧ ਵਰਗ ਦੀ ਕਮਰ ਤੋਡ਼ਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਿੱਤਰਾਂ’ ਦੀ ਜਾਇਦਾਦ ਬਚਾਉਣ ਅਤੇ ਵਧਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਅੱਤਵਾਦ ਅਤੇ ਅਨਿਆਂ ਵਿਰੁੱਧ ਸਾਰੇ ਮਿਹਨਤਕਸ਼ ਅਤੇ ਈਮਾਨਦਾਰ ਭਾਰਤੀ ਨਾਗਰਿਕਾਂ ਨਾਲ ਖੜ੍ਹੇ ਹਨ। ਰਾਹੁਲ ਗਾਂਧੀ ਨੇ ਆਪਣੇ ਵ੍ਹਟਸਐਪ ਚੈਨਲ ’ਤੇ ਪੋਸਟ ਕੀਤਾ ਕਿ ਟੈਕਸ ਟੈਰਰਿਜ਼ਮ ਭਾਜਪਾ ਰਾਜ ਦਾ ਇਕ ਖਤਰਨਾਕ ਚਿਹਰਾ ਹੈ। ਇਹੀ ਸੱਚਾਈ ਹੈ। ਅੱਜ ਹਿੰਦੁਸਤਾਨ ’ਚ ‘ਟੈਕਸ ਟਾਰਗੈੱਟ’ ਦਾ ਭਾਰ ਪੂਰੀ ਤਰ੍ਹਾਂ ਮੱਧ ਵਰਗ ਦੀ ਆਮਦਨ ’ਤੇ ਪਾ ਦਿੱਤਾ ਗਿਆ ਹੈ। ਕਾਂਗਰਸ ਨੇਤਾ ਨੇ ਕਿਹਾ, ‘‘ਮਹਿੰਗਾਈ ਦੇ ਭਿਆਨਕ ਦੌਰ ’ਚ ਹਰ ਚੀਜ਼ ’ਤੇ ਭਾਰੀ ਜੀ. ਐੱਸ. ਟੀ. ਦਾ ਭੁਗਤਾਣ ਕਰ ਕੇ ਗੁਜ਼ਾਰਾ ਕਰਨ ਵਾਲੇ ਮੱਧ ਵਰਗ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਤੁਹਾਡੀ ਆਮਦਨ ਵੱਡੇ ਕਾਰਪੋਰੇਟ ਜਾਂ ਵਪਾਰੀਆਂ ਨਾਲੋਂ ਜ਼ਿਆਦਾ ਹੈ? ਕੀ ਤੁਹਾਨੂੰ ਸਰਕਾਰੀ ਸਹੂਲਤਾਂ ਦਾ ਕੋਈ ਵਿਸ਼ੇਸ਼ ਲਾਭ ਮਿਲ ਰਿਹਾ ਹੈ? ਨਹੀਂ ਨਾ!’’ ਰਾਹੁਲ ਗਾਂਧੀ ਨੇ ਕਿਹਾ ਕਿ ਫਿਰ ਤੁਹਾਡੇ ਕੋਲੋਂ (ਮੱਧ ਵਰਗ ਕੋਲੋਂ) ਇਹ ਅੰਨ੍ਹੇਵਾਹ ਟੈਕਸ ਵਸੂਲੀ ਕਿਉਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੁਹਾਨੂੰ ਡਰਾ ਕੇ ਆਪਣੀ ਮਨਮਾਨੀ ਥੋਪ ਕੇ ਤੁਹਾਡੀ ਜੇਬ ਕੱਟੀ ਜਾਵੇ, ਇਹੀ ਹੈ ‘ਟੈਕਸ ਟੈਰਰਿਜ਼ਮ ਦਾ ਚੱਕਰਵਿਊ’।