ਵਿਦੇਸ਼ਾਂ ਵਿਚ ਹਰ ਰੋਜ਼ ਪੰਜਾਬੀਆਂ ਨਾਲ ਦਰਦਨਾਕ ਹਾਦਸੇ ਵਾਪਰ ਰਹੇ ਹਨ। ਹਰ ਰੋਜ਼ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਆਪਣੀਆਂ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਇਕ ਹੋਰ ਦਰਦਨਾਕ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿਥੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਕਰਨਾਲ ( Karnal) ਦੇ ਜਲਮਾਣਾ (Jalmana) ਇਲਾਕੇ ਦੇ ਪਿੰਡ ਪਰਜਾ ਮਾਜਰਾ (Parja Majra) ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ 75 ਲੱਖ ਰੁਪਏ ਖਰਚ ਕਰਕੇ ਆਪਣੀ ਪਤਨੀ ਨਾਲ ਕਰੀਬ 2 ਸਾਲ ਪਹਿਲਾਂ ਹੀ ਅਮਰੀਕਾ ਗਿਆ।ਇਥੇ ਆਪਣੀ ਪਤਨੀ ਨਾਲ ਸੈਕਰਾਮੈਂਟੋ ਇਲਾਕੇ ‘ਚ ਰਹਿ ਰਿਹਾ ਸੀ। ਅੰਮ੍ਰਿਤਪਾਲ ਸਿੰਘ ਇੱਕ ਟਰੱਕ ਡਰਾਈਵਰ ਸੀ ਅਤੇ ਆਪਣੇ ਸਹਿ-ਡਰਾਈਵਰ ਨਾਲ ਟਰੱਕ ਵਿੱਚ ਕੰਮ ਉਤੇ ਜਾ ਰਿਹਾ ਸੀ। ਜਦੋਂ ਸਾਥੀ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਤਾਂ ਟਰੱਕ ਅਸੰਤੁਲਿਤ ਹੋ ਗਿਆ ਅਤੇ ਖੱਡ ਵਿੱਚ ਜਾ ਡਿੱਗਾ। ਇਸ ਕਾਰਨ ਅੰਮ੍ਰਿਤਪਾਲ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਅੰਮ੍ਰਿਤਪਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਪਹਿਲਾਂ ਅਮਰੀਕਾ ਵਿੱਚ ਇੱਕ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਹਾਲ ਹੀ ਵਿਚ ਉਸ ਨੇ ਆਪਣਾ ਟਰੱਕ ਡਰਾਈਵਰ ਲਾਇਸੈਂਸ ਪ੍ਰਾਪਤ ਕੀਤਾ ਸੀ। 21 ਅਗਸਤ ਨੂੰ ਉਹ ਆਪਣੇ ਸਾਥੀ ਡਰਾਈਵਰ ਨਾਲ ਟਰੱਕ ਵਿੱਚ ਸਫ਼ਰ ਕਰ ਰਿਹਾ ਸੀ। ਪਲਕ ਝਪਕਦਿਆਂ ਹੀ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ 32 ਸਾਲਾ ਅੰਮ੍ਰਿਤਪਾਲ ਦੀ ਮੌਤ ਹੋ ਗਈ।