ਦੱਖਣੀ ਭਾਰਤੀ ਸਿਨੇਮਾ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਲੰਬੇ ਸਮੇਂ ਤੱਕ ਦੱਖਣੀ ਭਾਰਤੀ ਫਿਲਮ ਉਦਯੋਗ ਵਿੱਚ ਇੱਕ ਨਿਰਮਾਤਾ, ਨਿਰਦੇਸ਼ਕ, ਅਦਾਕਾਰ ਅਤੇ ਸੰਗੀਤਕਾਰ ਵਜੋਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਦਿੱਗਜ ਥੱਕਾਲੀ ਸ਼੍ਰੀਨਿਵਾਸਨ ਦਾ ਦੇਹਾਂਤ ਹੋ ਗਿਆ ਹੈ।72 ਸਾਲ ਦੀ ਉਮਰ ਵਿੱਚ ਥੱਕਾਲੀ ਸ਼੍ਰੀਨਿਵਾਸਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੀ ਮੌਤ ਨਾਲ ਸਾਊਥ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ।ਨਹੀਂ ਰਹੇ ਥੱਕਾਲੀ ਸ਼੍ਰੀਨਿਵਾਸਨ
ਸਾਲਾਂ ਤੋਂ ਸਾਊਥ ਸਿਨੇਮਾ ਨਾਲ ਜੁੜੇ ਨਿਕਿਲ ਮੁਰੂਕਨ ਨੇ ਥੱਕਾਲੀ ਸ਼੍ਰੀਨਿਵਾਸਨ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ (ਟਵਿੱਟਰ) ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ: “ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਪ੍ਰੋਡਿਊਸਰ/ਡਾਇਰੈਕਟਰ/ਕੰਪੋਜ਼ਰ ਅਤੇ ਐਕਟਰ ਥੱਕਾਲੀ ਸ਼੍ਰੀਨਿਵਾਸਨ ਦਾ ਦੇਹਾਂਤ ਹੋ ਗਿਆ ਹੈ। 72 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬੈਂਗਲੁਰੂ ਵਿੱਚ ਸਿਹਤ ਸਮੱਸਿਆਵਾਂ ਕਾਰਨ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ (11 ਮਾਰਚ) ਬੈਂਗਲੁਰੂ ਵਿੱਚ ਕੀਤਾ ਜਾਵੇਗਾ।”
ਫਿਲਮੀ ਸਫ਼ਰ ਅਤੇ ਮਹੱਤਵਪੂਰਨ ਯੋਗਦਾਨ
ਥੱਕਾਲੀ ਸ਼੍ਰੀਨਿਵਾਸਨ ਨੇ ਇੱਕ ਸਫ਼ਲ ਫਿਲਮ ਨਿਰਮਾਤਾ ਵਜੋਂ ਸਾਊਥ ਸਿਨੇਮਾ ਵਿੱਚ ਕਈ ਯਾਦਗਾਰੀ ਫਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਨਾਮ ਇਸ ਪ੍ਰਕਾਰ ਹਨ:
ਇਵਰਗਲ ਵਰੁਣਗਲਾ ਥੁੰਗਲ
ਮਨਸੁਕੁਲ ਮਥਾੱਪੂ
ਨਾਲਿਆ ਮਨਿਥਨ
ਜੇਨਮਾ ਨਟਚਤਿਰਮ
ਅਥਿਸਿਆ ਮਨਿਥਨ
ਵਿਟਨੈੱਸ
ਇੰਨਾ ਹੀ ਨਹੀਂ, ਇੱਕ ਅਦਾਕਾਰ ਵਜੋਂ ਵੀ ਉਨ੍ਹਾਂ ਨੇ ਇੰਡਸਟਰੀ ਵਿੱਚ ਆਪਣੀ ਅਮਿੱਟ ਛਾਪ ਛੱਡੀ। ਉਹ ਸੁਪਰਸਟਾਰ ਕਮਲ ਹਾਸਨ ਦੀ ਫਿਲਮ ‘ਸੂਰਾ ਸੰਮਹਾਰਮ’ ਵਿੱਚ ਵਿਲੇਨ ਦੀ ਭੂਮਿਕਾ ਵੀ ਨਿਭਾ ਚੁੱਕੇ ਸਨ। ਉਹ ਇੱਕ ਸਮਾਜ ਸੇਵੀ ਵੀ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਇੱਕ ਆਸ਼ਰਮ ਚਲਾਇਆ ਅਤੇ ਆਪਣੇ ਗੋਦ ਲਏ ਹੋਏ ਬੱਚਿਆਂ ਨਾਲ ਰਹਿ ਰਹੇ ਸਨ।













